73 ਸਾਲਾ ਸ਼ਖਸ ਨੇ 212 ਦਿਨ ''ਚ ਲਗਾਇਆ ਪੂਰੀ ਦੁਨੀਆ ਦਾ ਚੱਕਰ
Thursday, Jan 31, 2019 - 10:27 AM (IST)

ਪੈਰਿਸ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਹਿੰਮਤੀ ਵਿਅਕਤੀ ਨੂੰ ਸਫਲਤਾ ਜ਼ਰੂਰ ਮਿਲਦੀ ਹੈ। ਫਰਾਂਸ ਦੇ ਰਹਿਣ ਵਾਲੇ 73 ਸਾਲਾ ਵਿਅਕਤੀ ਨੇ ਆਪਣੀ ਹਿੰਮਤ ਨਾਲ 212 ਦਿਨਾਂ ਵਿਚ ਸਮੁੰਦਰੀ ਰਸਤੇ ਪੂਰੀ ਦੁਨੀਆ ਦਾ ਚੱਕਰ ਲਗਾਇਆ। 73 ਸਾਲਾ ਫ੍ਰੈਂਚ ਮਲਾਹ ਜੀਨ-ਲਿਊਕ ਵੈਨ ਡੇਨ ਹੈਡੇ ਨੇ 212 ਦਿਨਾਂ ਵਿਚ ਬਿਨਾਂ ਕਿਸ ਅਤਿ ਆਧੁਨਿਕ ਉਪਕਰਨ ਦੀ ਮਦਦ ਨਾਲ ਦੁਨੀਆ ਦਾ ਚੱਕਰ ਲਗਾ ਕੇ ਦੌੜ ਜਿੱਤ ਲਈ। ਯਾਤਰਾ ਲਈ ਜੀਨ ਨੇ ਆਪਣੀ ਕਿਸ਼ਤੀ ਦੀ ਵਰਤੋਂ ਕੀਤੀ। ਜ਼ਿਕਰਯੋਗ ਹੈ ਕਿ ਉਹ 6 ਵਾਰ ਦੁਨੀਆ ਦਾ ਚੱਕਰ ਲਗਾ ਚੁੱਕੇ ਹਨ। ਹੁਣ ਜੀਨ 48,280 ਕਿਲੋਮੀਟਰ (30,000 ਮੀਲ) ਦੀ 'ਗੋਲਡਨ ਗਲੋਬ ਰੇਸ' ਪੂਰੀ ਕਰਨ ਵਾਲੇ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਬਣ ਗਏ ਹਨ।
19 ਭਾਗੀਦਾਰਾਂ ਨੇ ਲਿਆ ਹਿੱਸਾ
'ਗੋਲਡਨ ਗਲੋਬ ਰੇਸ' ਦੀ ਸ਼ੁਰੂਆਤ ਬੀਤੇ ਸਾਲ ਜੁਲਾਈ ਵਿਚ ਹੋਈ ਸੀ। ਇਸ ਮੁਕਾਬਲੇ ਵਿਚ 19 ਲੋਕ ਸ਼ਾਮਲ ਹੋਏ ਸਨ ਪਰ 5 ਹੀ ਦੌੜ ਦੇ ਅੰਤ ਤੱਕ ਬਣੇ ਰਹੇ। ਦੌੜ ਦੇ ਜੇਤੂ ਜੀਨ ਮੰਗਲਵਾਰ ਨੂੰ ਆਪਣੀ 35 ਫੁੱਟ ਕਿਸ਼ਤੀ ਦੇ ਨਾਲ ਪੱਛਮੀ ਫਰਾਂਸ ਦੇ ਲੇਸ ਸੇਬਲਸ ਡੀ'ਓਲੋਨ ਪਹੁੰਚੇ। ਉਨ੍ਹਾਂ ਦੀ ਕਿਸ਼ਤੀ 48,280 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੀ ਪਹਿਲੀ ਕਿਸ਼ਤੀ ਹੈ।
ਯਾਤਰਾ ਦੌਰਾਨ ਇੰਝ ਕੀਤਾ ਸੰਘਰਸ਼
ਜੀਨ ਨੂੰ ਯਾਤਰਾ ਪੂਰੀ ਕਰਨ ਵਿਚ ਸਭ ਤੋਂ ਜ਼ਿਆਦਾ ਸੰਘਰਸ਼ ਉਦੋਂ ਕਰਨਾ ਪਿਆ ਜਦੋਂ ਨਵੰਬਰ ਵਿਚ ਕਿਸ਼ਤੀ ਦਾ ਮਾਸਟ ਤੂਫਾਨ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਨੂੰ ਠੀਕ ਕਰਵਾਉਣ 'ਤੇ ਉਨ੍ਹਾਂ ਨੂੰ ਦੌੜ ਵਿਚੋਂ ਬਾਹਰ ਕਰ ਦਿੱਤਾ ਜਾਂਦਾ। ਇਸ ਲਈ ਨੁਕਸਾਨੇ ਗਏ ਮਾਸਟ ਦੇ ਨਾਲ ਉਨ੍ਹਾਂ ਨੇ ਦੌੜ ਜਾਰੀ ਰੱਖੀ। ਕਈ ਵਾਰੀ ਜੀਨ ਨੇ ਨੁਕਸਾਨੇ ਮਾਸਟ ਨੂੰ ਠੀਕ ਕਰਨ ਦੀ ਖੁਦ ਕੋਸ਼ਿਸ਼ ਕੀਤੀ। ਕਰੀਬ 7 ਵਾਰ ਉਹ ਇਸ ਨੂੰ ਠੀਕ ਕਰਨ ਲਈ ਚੜ੍ਹੇ। ਜੀਨ ਮੁਤਾਬਕ 6 ਮੀਟਰ ਦੀ ਉੱਚਾਈ 'ਤੇ ਚੜ੍ਹ ਮਾਸਟ ਨੂੰ ਠੀਕ ਕਰਨਾ ਮੇਰੇ ਲਈ ਇਕ ਐਡਵੈਂਚਰ ਜਿਹਾ ਸੀ। ਮਾਸਟ ਦਾ ਕੰਮ ਹਵਾ ਨੂੰ ਕੱਟਦੇ ਹੋਏ ਕਿਸ਼ਤੀ ਨੂੰ ਅੱਗੇ ਵਧਣ ਵਿਚ ਮਦਦ ਕਰਨਾ ਹੁੰਦਾ ਹੈ।
ਬਣੇ 'ਵਰਲਡ ਸੋਲੋ ਰੇਸ' ਦੇ ਜੇਤੂ
ਇਹ ਸੋਲੋ ਦੌੜ ਸੀ ਮਤਲਬ ਇਕ ਕਿਸ਼ਤੀ ਵਿਚ ਇਕ ਇਨਸਾਨ ਹੀ ਬੈਠ ਸਕਦਾ ਸੀ। ਰਸਤੇ ਵਿਚ ਭਟਕਣ ਤੋਂ ਬਚਣ ਲਈ ਸਿਰਫ ਕਾਗਜ਼ੀ ਨਕਸ਼ਾ ਦਿੱਤਾ ਗਿਆ ਸੀ। ਭਾਗੀਦਾਰ ਦੌੜ ਵਿਚ ਸ਼ਾਮਲ ਹੈ ਜਾਂ ਨਹੀਂ ਇਸ ਦੀ ਪੁਸ਼ਟੀ ਸ਼ੌਰਟ ਵੇਵ ਰੇਡੀਓ ਦੀ ਮਦਦ ਨਾਲ ਕੀਤੀ ਜਾਂਦੀ ਸੀ। ਦੁਬਾਰਾ ਵਰਲਡ ਟੂਰ ਕਰਨ ਦੀ ਗੱਲ ਬਾਰੇ ਜੀਨ ਕਹਿੰਦੇ ਹਨ,''ਮੈਂ ਹੁਣ ਦੁਬਾਰਾ ਇੰਨੇ ਲੰਬੇ ਸਫਰ 'ਤੇ ਨਹੀਂ ਜਾਣਾ ਚਾਹੁੰਦਾ। ਪਰ ਜਿਹੜੇ ਲੋਕ ਵਰਲਡ ਟੂਰ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਮੈਂ ਕੋਚਿੰਗ ਦੇਣਾ ਚਾਹਾਂਗਾ।''