40 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ''ਚ ਤਿੰਨ ਔਰਤਾਂ ਸਮੇਤ ਭਾਰਤੀ ਮੂਲ ਦੇ ਚਾਰ ਲੋਕ

Thursday, Jul 26, 2018 - 10:01 AM (IST)

ਨਿਊਯਾਰਕ, (ਭਾਸ਼ਾ)-ਤਿੰਨ ਔਰਤਾਂ ਸਮੇਤ ਭਾਰਤੀ ਮੂਲ ਦੇ ਚਾਰ ਲੋਕਾਂ ਨੂੰ ਫਾਰਚੂਨ ਦੀ ਕਾਰੋਬਾਰ ਦੇ ਖੇਤਰ 'ਚ 40 ਸਭ ਤੋਂ ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਨੌਜਵਾਨਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਇਹ ਉਹ ਲੋਕ ਹਨ, ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੈ। 
ਇੰਸਟਾਗ੍ਰਾਮ ਦੇ ਸਹਿ ਸੰਸਥਾਪਕ ਅਤੇ ਸੀ. ਈ. ਓ. ਕੇਵਿਨ ਸਿਸਟਰਾਮ (34) ਅਤੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ (34) 'ਚ ਪਹਿਲੇ ਸਥਾਨ ਲਈ ਮੁਕਾਬਲਾ ਬਰਾਬਰੀ ਦਾ ਰਿਹਾ। ਫਾਰਚੂਨ ਦੀ 'ਅੰਡਰ-40' ਸੂਚੀ 'ਚ ਦੋਵਾਂ ਨੂੰ ਪਹਿਲੇ ਸਥਾਨ 'ਤੇ ਰੱਖਿਆ ਗਿਆ ਹੈ। ਉਥੇ ਅਮਰੀਕਾ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਜਨਰਲ ਮੋਟਰਸ ਦੀ ਮੁੱਖ ਵਿੱਤ ਅਧਿਕਾਰੀ ਭਾਰਤੀ ਮੂਲ ਦੀ ਦਿਵਿਆ ਸੂਰਿਆਦੇਵਰਾ ਸੂਚੀ 'ਚ ਚੌਥੇ ਸਥਾਨ 'ਤੇ ਰਹੀ। ਇਸ ਤੋਂ ਬਾਅਦ ਵਿਮੇਯੋ ਦੀ ਸੀ. ਈ. ਓ. ਅੰਜਲੀ ਸੂਦ (14 ਵੇਂ), ਰਾਬਿਨਹੁਡ ਦੇ ਸਹਿ ਸੰਸਥਾਪਕ ਅਤੇ ਸਹਿ-ਸੀ. ਈ. ਓ. ਬਾਈਜੂ ਭੱਟ (24ਵੇਂ) ਅਤੇ ਫੀਮੇਲ ਫਾਊਂਡਰਸ ਫੰਡ ਦੀ ਸੰਸਥਾਪਕ ਸਹਿਯੋਗੀ ਅਨੁ ਦੁੱਗਲ (32ਵੇਂ) ਨੂੰ ਰੱਖਿਆ ਗਿਆ ਹੈ। ਫਾਰਚੂਨ ਮੈਗਜ਼ੀਨ ਨੇ ਪਹਿਲੀ ਵਾਰ ਸਭ ਤੋਂ ਪ੍ਰਭਾਵਸ਼ਾਲੀ ਅਤੇ ਨੌਜਵਾਨ ਮਹਾਨਾਇਕਾਂ ਦੀ 'ਪੂਰਕ ਸਨਮਾਨ ਸੂਚੀ' ਤਿਆਰ ਕੀਤੀ ਹੈ। ਇਹ ਲੋਕ ਵਿੱਤ ਅਤੇ ਟੈਕਨਾਲੋਜੀ ਦੇ ਖੇਤਰ 'ਚ ਵਧੀਆ ਕੰਮ ਕਰ ਕੇ ਕਾਰੋਬਾਰ 'ਚ ਬਦਲਾਅ ਲਿਆ ਰਹੇ ਹਨ। ਸੂਚੀ 'ਚ ਰਿੱਪਲ ਦੇ ਸੀਨੀਅਰ ਵਾਈਸ ਚੇਅਰਮੈਨ ਆਸ਼ੀਸ਼ ਬਿਰਲਾ, ਡਿਜੀਟਲ ਵਾਲੇਟ ਕੁਆਇਨ ਬੇਸ ਦੇ ਮੁੱਖ ਤਕਨੀਕੀ ਅਧਿਕਾਰੀ ਬਾਲਾਜੀ ਸ਼੍ਰੀਨਿਵਾਸਨ, ਐੱਮ. ਆਈ. ਟੀ. ਡਿਜੀਟਲ ਕਰੰਸੀ ਪਹਿਲ ਦੀ ਨਿਰਦੇਸ਼ਕ ਨੇਹਾ ਨਰੂਲਾ ਅਤੇ ਕੁਆਇਨ ਬੇਸ ਦੀ ਸੀਨੀਅਰ ਵਾਈਸ ਚੇਅਰਮੈਨ (ਸੰਚਾਲਨ) ਟੀਨਾ ਭਟਨਾਗਰ ਵੀ ਸ਼ਾਮਲ ਹਨ।


Related News