ਟਰੰਪ ਦੀ ਟੈਰਿਫ ਧਮਕੀ ’ਤੇ ਬੋਲੇ ਸਾਬਕਾ RBI ਗਵਰਨਰ; ਇਸ ਨਾਲ ਅਮਰੀਕਾ ਨੂੰ ਨਹੀਂ ਹੋਵੇਗਾ ਕੋਈ ਫਾਇਦਾ
Thursday, Jan 23, 2025 - 05:30 PM (IST)
ਜਲੰਧਰ (ਇੰਟ.)- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਵਾਧੇ ਦੀਆਂ ਧਮਕੀਆਂ ’ਤੇ ਆਪਣੀ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਟੈਰਿਫ ਵਾਧੇ ਦੀਆਂ ਯੋਜਨਾਵਾਂ ਨੂੰ ਅਨਿਸ਼ਚਿਤਤਾ ਦਾ ਇਕ ਵੱਡਾ ਸਰੋਤ ਦੱਸਿਆ ਹੈ, ਜੋ ਵਿਸ਼ਵ ਆਰਥਿਕ ਸਥਿਰਤਾ ਨੂੰ ਵਿਗਾੜ ਸਕਦਾ ਹੈ। ਦਾਵੋਸ ’ਚ ਵਿਸ਼ਵ ਆਰਥਿਕ ਫੋਰਮ 2025 ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਰਘੂਰਾਮ ਰਾਜਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਟਰੰਪ ਦੀਆਂ ਟੈਰਿਫ ਵਾਧੇ ਦੀਆਂ ਧਮਕੀਆਂ ਅਨਿਸ਼ਚਿਤਤਾ ਦਾ ਇਕ ਵੱਡਾ ਸਰੋਤ ਹਨ ਤੇ ਦੁਨੀਆ ਲਈ ਵੀ ਇਸ ਨਾਲ ਰੁਕਾਵਟਾਂ ਪੈਦਾ ਹੋਣਗੀਆਂ। ਮੈਨੂੰ ਨਹੀਂ ਲੱਗਦਾ ਕਿ ਅਮਰੀਕਾ ਲਈ ਇਹ ਟੈਰਿਫ ਫਾਇਦੇਮੰਦ ਹੋਵੇਗਾ, ਜਿੰਨਾ ਟਰੰਪ ਪ੍ਰਸ਼ਾਸਨ ਮੰਨਦਾ ਹੈ। ਅੰਸ਼ਕ ਤੌਰ 'ਤੇ ਇਸ ਲਈ ਕਿਉਂਕਿ ਚੀਜ਼ਾਂ ਅਮਰੀਕਾ ਤੋਂ ਬਾਹਰ ਕਿਸੇ ਕਾਰਨ ਕਰਕੇ ਬਣਾਈਆਂ ਜਾਂਦੀਆਂ ਹਨ - ਉਨ੍ਹਾਂ ਨੂੰ ਬਾਹਰ ਬਣਾਉਣਾ ਸਸਤਾ ਹੁੰਦਾ ਹੈ।
ਇਹ ਵੀ ਪੜ੍ਹੋ: ਅਮਰੀਕਾ ’ਚ ਬਰਫੀਲੇ ਤੂਫਾਨ ਕਾਰਨ 10 ਲੋਕਾਂ ਦੀ ਮੌਤ, 2100 ਉਡਾਣਾਂ ਰੱਦ
ਕੰਮ ਨਹੀਂ ਕਰੇਗੀ ਅਮਰੀਕਾ ਦੀ ਕੋਸ਼ਿਸ਼
ਸਾਬਕਾ ਆਰ. ਬੀ. ਆਈ. ਗਵਰਨਰ ਨੇ ਕਿਹਾ ਕਿ ਆਮ ਤੌਰ ’ਤੇ ਟੈਰਿਫ ਲਾ ਕੇ ਉਤਪਾਦਾਂ ਨੂੰ ਅਮਰੀਕਾ ’ਚ ਵਾਪਸ ਲਿਆਉਣ ਦੀ ਕੋਸ਼ਿਸ਼ ਕੰਮ ਨਹੀਂ ਕਰਦੀ ਹੈ। ਅਮਰੀਕਾ ’ਤੇ ਟੈਰਿਫ ਵਾਧੇ ਦੇ ਪ੍ਰਭਾਵ ਬਾਰੇ ਦੱਸਦਿਆਂ ਰਘੂਰਾਮ ਰਾਜਨ ਨੇ ਚੀਨ ਵਰਗੀ ਵੱਡੀ ਅਰਥਵਿਵਸਥਾ ਦਾ ਹਵਾਲਾ ਦਿੱਤਾ ਅਤੇ ਦੱਸਿਆ ਕਿ ਕਿਸ ਤਰ੍ਹਾਂ ਉਹ ਮੈਨੂਫੈਕਚਰਿੰਗ ਕੌਸਟ ਨੂੰ ਘੱਟ ਕਰਨ ਲਈ ਵੀਅਤਨਾਮ ਵਰਗੇ ਛੋਟੇ ਦੇਸ਼ਾਂ ਤੋਂ ਸਾਮਾਨ ਦਰਾਮਦ ਕਰਦਾ ਹੈ।
ਰਘੂਰਾਮ ਰਾਜਨ ਨੇ ਕਿਹਾ ਕਿ ਟੈਰਿਫ ਲਾ ਕੇ ਉਨ੍ਹਾਂ ਸਾਮਾਨਾਂ ਨੂੰ ਅਮਰੀਕਾ ’ਚ ਵਾਪਸ ਲਿਆਉਣ ਦੀ ਕੋਸ਼ਿਸ਼ ਆਮ ਤੌਰ ’ਤੇ ਉਸ ਤਰੀਕੇ ਨਾਲ ਕੰਮ ਨਹੀਂ ਕਰਦੀ, ਜਿਸ ਤਰ੍ਹਾਂ ਉਸ ਦਾ ਉਦੇਸ਼ ਸੀ। ਜੇ ਸੰਭਵ ਹੋਵੇ ਤਾਂ ਉਤਪਾਦਨ ਨੂੰ ਸਿਰਫ਼ ਕਿਸੇ ਹੋਰ ਥਾਂ ’ਤੇ ਤਬਦੀਲ ਕਰ ਦਿੱਤਾ ਜਾਵੇਗਾ। ਉਦਾਹਰਣ ਲਈ ਚੀਨ ’ਚ ਜੋ ਬਣਾਇਆ ਜਾ ਰਿਹਾ ਸੀ, ਉਸ ਨੂੰ ਹੁਣ ਵੀਅਤਨਾਮ ਭੇਜ ਦਿੱਤਾ ਗਿਆ ਹੈ।
ਅਮਰੀਕਾ ’ਚ ਵਧੇਗੀ ਉਤਪਾਦਨ ਦੀ ਲਾਗਤ
ਸਾਬਕਾ ਆਰ. ਬੀ. ਆਈ. ਗਵਰਨਰ ਨੇ ਅੱਗੇ ਕਿਹਾ ਕਿ ਜੇ ਯੂਨੀਵਰਸਲ ਟੈਰਿਫ ਲਾਗੂ ਕੀਤੇ ਜਾਂਦੇ ਹਨ ਤਾਂ ਉਹ ਦੂਜੇ ਦੇਸ਼ਾਂ ਤੋਂ ਦਰਾਮਦ ਨੂੰ ਰੋਕ ਸਕਦੇ ਹਨ ਪਰ ਇਸ ਨਾਲ ਅਮਰੀਕਾ ਵਿਚ ਬਹੁਤ ਜ਼ਿਆਦਾ ਕੀਮਤ ’ਤੇ ਉਤਪਾਦਨ ਕਰਨਾ ਪਵੇਗਾ। ਚੀਨ ਅਜਿਹਾ ਕਿਉਂ ਕਰ ਰਿਹਾ ਹੈ, ਇਸ ਦਾ ਇਕ ਕਾਰਨ ਇਹ ਹੈ ਕਿ ਇਹ ਲਾਗਤ ਪ੍ਰਭਾਵਸ਼ਾਲੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਟੈਰਿਫ ਰਾਤੋ-ਰਾਤ ਬਦਲ ਜਾਂਦੇ ਹਨ ਤਾਂ ਵਿਦੇਸ਼ੀ ਨਿਵੇਸ਼ ਵਿਚ ਅਨਿਸ਼ਚਿਤਤਾ ਪੈਦਾ ਹੋ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਟਰੰਪ ਨੇ ਦੁਹਰਾਇਆ ਕਿ ਜੇ ਬ੍ਰਿਕਸ ਰਾਸ਼ਟਰ ਵਿਸ਼ਵ ਵਪਾਰ ਵਿਚ ਡਾਲਰ ਦੀ ਵਰਤੋਂ ਘਟਾਉਣ ਵੱਲ ਕੋਈ ਕਦਮ ਚੁੱਕਦੇ ਹਨ ਤਾਂ ਉਹ ਉਨ੍ਹਾਂ ’ਤੇ 100 ਫੀਸਦੀ ਇੰਪੋਰਟ ਡਿਊਟੀ ਲਾਉਣਗੇ, ਜਿਸ ਵਿਚ ਭਾਰਤ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਟਰੰਪ ਨੇ ਹੁਣ ਰੂਸ ਨੂੰ ਦਿੱਤੀ ਟੈਰਿਫ ਧਮਕੀ, ਆਖਿਰ ਕਿਉਂ ਆਇਆ ਅਮਰੀਕੀ ਰਾਸ਼ਟਰਪਤੀ ਨੂੰ ਗੁੱਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8