ਹੁਣ ਟਰੰਪ ਬੋਲੇ- ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਲਈ ਹੋਇਆ ਸੀ ਯੂਰਪੀਅਨ ਯੂਨੀਅਨ ਦਾ ਗਠਨ!
Saturday, Mar 01, 2025 - 10:01 AM (IST)

ਜਲੰਧਰ (ਇੰਟ.)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਲਾਨ ਨਾਲ ਹੋਣ ਵਾਲੀ ਕਥਿਤ ਟ੍ਰੇਡ ਵਾਰ ਨੇ ਦੁਨੀਆਭਰ ’ਚ ਹਲਚਲ ਮਚਾ ਦਿੱਤੀ ਹੈ। ਹਰ ਰੋਜ਼ ਟਰੰਪ ਦੇ ਨਿਸ਼ਾਨੇ ’ਤੇ ਕੋਈ ਨਾ ਕੋਈ ਦੇਸ਼ ਹੁੰਦਾ ਹੈ। ਇਸ ਵਾਰ ਉਨ੍ਹਾਂ ਨੇ ਸਿੱਧੇ ਤੌਰ ’ਤੇ ਯੂਰਪੀਅਨ ਯੂਨੀਅਨ ’ਤੇ ਨਿਸ਼ਾਨਾ ਵਿੰਨ੍ਹਿਆ ਹੈ ਅਤੇ ਕਿਹਾ ਹੈ ਕਿ ਯੂਰਪੀਅਨ ਯੂਨੀਅਨ (ਈ. ਯੂ.) ਅਮਰੀਕਾ ਦਾ ਲਾਭ ਉਠਾ ਰਹੀ ਹੈ ਅਤੇ ਇਸ ਧੜੇ ਦਾ ਗਠਨ ਸੰਯੁਕਤ ਰਾਜ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਗਿਆ ਸੀ। ਉਨ੍ਹਾਂ ਦੇ ਇਸ ਬਿਆਨ ’ਤੇ ਈ. ਯੂ. ਨੇ ਪਲਟਵਾਰ ਕਰਨ ’ਚ ਕੋਈ ਦੇਰੀ ਨਹੀਂ ਕੀਤੀ। ਯੂਨੀਅਨ ਨੇ ਟਰੰਪ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਫ੍ਰੀ ਮਾਰਕੀਟ ਹੈ ਅਤੇ ਅਮਰੀਕਾ ਲਈ ਹਮੇਸ਼ਾ ਲਾਭਦਾਇਕ ਸਾਬਤ ਹੋਈ ਹੈ।
ਯੂਰਪੀਅਨ ਕਾਰਾਂ ’ਤੇ 25 ਫੀਸਦੀ ਟੈਕਸ ਲਾਉਣ ਦੀ ਤਿਆਰੀ
ਡੋਨਾਲਡ ਟਰੰਪ ਨੇ ਆਉਣ ਵਾਲੇ ਦਿਨਾਂ ’ਚ ਯੂਰਪ ’ਚ ਬਣਨ ਵਾਲੀਆਂ ਕਾਰਾਂ ਅਤੇ ਸਾਮਾਨ ’ਤੇ 25 ਫੀਸਦੀ ਟੈਰਿਫ ਲਾਉਣ ਦਾ ਐਲਾਨ ਕੀਤਾ ਹੈ। ਪਹਿਲੀ ਕੈਬਨਿਟ ਮੀਟਿੰਗ ਦੌਰਾਨ ਟਰੰਪ ਨੇ ਪੱਤਰਕਾਰਾਂ ਨੂੰ ਕਿਹ ਸੀ ਕਿ ਅਸੀਂ ਇਕ ਫੈਸਲਾ ਲਿਆ ਹੈ ਅਤੇ ਜਲਦ ਹੀ ਇਸਦਾ ਐਲਾਨ ਕਰਾਂਗੇ। ਇਹ 25 ਫੀਸਦੀ ਦੇ ਕਰੀਬ ਹੋਵੇਗਾ ਅਤੇ ਕਾਰਾਂ ਤੇ ਹੋਰ ਸਾਮਾਨ ’ਤੇ ਲਾਗੂ ਹੋਵੇਗਾ। ਟਰੰਪ ਨੇ ਯੂਰਪ ’ਤੇ ਅਮਰੀਕਾ ਦਾ ਲਾਭ ਉਠਾਉਣ ਦਾ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਉਹ ਸਾਡੀਆਂ ਕਾਰਾਂ ਨਹੀਂ ਖਰੀਦਦੇ ਹਨ। ਉਹ ਸਾਡੇ ਖੇਤੀਬਾੜੀ ਨਾਲ ਸਬੰਧਤ ਉਤਪਾਦ ਵੀ ਨਹੀਂ ਲੈਂਦੇ ਹਨ ਅਤੇ ਅਸੀਂ ਉਨ੍ਹਾਂ ਦੀਆਂ ਸਾਰੀਆਂ ਚੀਜ਼ਾਂ ਲੈਂਦੇ ਹਾਂ। ਉਨ੍ਹਾਂ ਕਿਹਾ ਕਿ ਈ. ਯੂ. ਦਾ ਗਠਨ ਅਮਰੀਕਾ ਨੂੰ ਪ੍ਰੇਸ਼ਾਨ ਕਰਨ ਲਈ ਕੀਤਾ ਗਿਆ ਸੀ। ਯੂਰਪੀਅਪ ਯੂਨੀਅਨ ਵਰਤਮਾਨ ’ਚ ਵਾਹਨਾਂ ਦੀ ਦਰਾਮਦ ’ਤੇ 10 ਫੀਸਦੀ ਟੈਰਿਫ ਵਸੂਲ ਕਰਦਾ ਹੈ, ਜੋ ਅਮਰੀਕੀ ਕਾਰ ਟੈਰਿਫ (2.5 ਫੀਸਦੀ) ਨਾਲੋਂ ਚਾਰ ਗੁਣਾ ਵੱਧ ਹੈ। ਟਰੰਪ ਨੇ ਕਿਹਾ ਹੈ ਕਿ ਉਹ ਅਗਲੇ ਹਫ਼ਤੇ ਅਮਰੀਕਾ ਦੇ 2 ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਕੈਨੇਡਾ ਅਤੇ ਮੈਕਸੀਕੋ ’ਤੇ 25 ਫੀਸਦੀ ਟੈਰਿਫ ਲਾਉਣਗੇ।
ਯੂਰਪੀਅਨ ਯੂਨੀਅਨ ਨੇ ਵੀ ਦਿੱਤੀ ਚਿਤਾਵਨੀ
ਯੂਰਪੀਅਨ ਯੂਨੀਅਨ ਦੀ ਕਾਰਜਕਾਰੀ ਸ਼ਾਖਾ ਨੇ ਇਨ੍ਹਾਂ ਦੋਸ਼ਾਂ ਦੇ ਜਵਾਬ ’ਚ ਕਿਹਾ ਕਿ ਯੂਰਪੀਅਨ ਯੂਨੀਅਨ ਦੀ ਸਿੰਗਲ ਮਾਰਕੀਟ ਪਾਲਿਸੀ ਨੇ ਨਾ ਸਿਰਫ਼ ਵਪਾਰ ਨੂੰ ਸੁਵਿਧਾਜਨਕ ਬਣਾਇਆ ਹੈ, ਸਗੋਂ ਅਮਰੀਕੀ ਬਰਾਮਦਕਾਰਾਂ ਲਈ ਲਾਗਤਾਂ ’ਚ ਕਟੌਤੀ ਵੀ ਕੀਤੀ ਹੈ। ਇਸਨੇ 27 ਦੇਸ਼ਾਂ ’ਚ ਵਪਾਰਕ ਮਿਆਰਾਂ ਅਤੇ ਨਿਯਮਾਂ ਨੂੰ ਵੀ ਦਰੁਸਤ ਕੀਤਾ ਹੈ। ਕਮਿਸ਼ਨ ਦੇ ਇਕ ਬੁਲਾਰੇ ਨੇ ਰਾਇਟਰਜ਼ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਜੇਕਰ ਕੋਈ ਦੇਸ਼ ਵਪਾਰ ’ਚ ਰੁਕਾਵਟ ਪਾਉਣ ਲਈ ਕਾਨੂੰਨ ਜਾਂ ਟੈਰਿਫ ਵਰਗੀਆਂ ਨੀਤੀਆਂ ਦਾ ਸਹਾਰਾ ਲਵੇਗਾ ਤਾਂ ਈ. ਯੂ. ਅਜਿਹੀਆਂ ਚੁਣੌਤੀਆਂ ਦਾ ਤੁਰੰਤ ਜਵਾਬ ਦੇਵੇਗਾ।