ਟਰੰਪ ਦੀ ਕੈਨੇਡਾ ਨੂੰ ਧਮਕੀ! ਸਟੀਲ ਅਤੇ ਐਲੂਮੀਨੀਅਮ 'ਤੇ ਲਾਵਾਂਗੇ ਦੁੱਗਣਾ ਟੈਰਿਫ
Tuesday, Mar 11, 2025 - 08:39 PM (IST)

ਬਿਜ਼ਨੈੱਸ ਡੈਸਕ- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕੈਨੇਡਾ ਤੋਂ ਆਯਾਤ ਕੀਤੇ ਜਾਣ ਵਾਲੇ ਸਟੀਲ ਅਤੇ ਐਲੂਮੀਨੀਅਮ 'ਤੇ ਟੈਰਿਫ 25 ਫੀਸਦੀ ਵਧਾ ਦੇਣਗੇ, ਜਿਸ ਨਾਲ ਇਨ੍ਹਾਂ ਸਾਮਾਨਾਂ 'ਤੇ ਕੁੱਲ ਡਿਊਟੀ ਦੁੱਗਣੀ ਹੋ ਕੇ 50 ਫੀਸਦੀ ਹੋ ਜਾਵੇਗੀ। ਇਹ ਵਾਧਾ ਓਨਟਾਰੀਓ ਸੂਬੇ ਵੱਲੋਂ ਅਮਰੀਕਾ ਤੋਂ ਆਉਣ ਵਾਲੀ ਬਿਜਲੀ 'ਤੇ 25 ਫੀਸਦੀ ਡਿਊਟੀ ਲਗਾਉਣ ਦੇ ਜਵਾਬ ਵਿੱਚ ਕੀਤਾ ਗਿਆ ਹੈ।
ਆਪਣੇ ਟਰੂਥਆਉਟ ਸੋਸ਼ਲ ਪਲੇਟਫਾਰਮ 'ਤੇ ਇੱਕ ਪੋਸਟ ਵਿੱਚ ਟਰੰਪ ਨੇ ਕਿਹਾ ਕਿ ਉਹ ਓਨਟਾਰੀਓ ਦੁਆਰਾ ਨਿਸ਼ਾਨਾ ਬਣਾਏ ਗਏ ਸੈਕਟਰ 'ਤੇ "ਰਾਸ਼ਟਰੀ ਐਮਰਜੈਂਸੀ" ਦਾ ਐਲਾਨ ਕਰਨਗੇ ਤਾਂ ਜੋ ਟੈਰਿਫ ਬੁੱਧਵਾਰ ਤੋਂ ਲਾਗੂ ਹੋ ਸਕਣ।
ਟਰੰਪ ਨੇ ਕੈਨੇਡਾ ਨੂੰ ਅਮਰੀਕੀ ਡੇਅਰੀ ਉਤਪਾਦਾਂ 'ਤੇ ਲਗਾਈਆਂ ਜਾਣ ਵਾਲੀਆਂ ਡਿਊਟੀਆਂ ਨੂੰ ਖਤਮ ਕਰਨ ਦੀ ਵੀ ਅਪੀਲ ਕੀਤੀ ਅਤੇ ਧਮਕੀ ਦਿੱਤੀ ਕਿ ਜੇਕਰ ਦੇਸ਼ ਨੇ "ਹੋਰ ਗੰਭੀਰ, ਲੌਂਗ ਟਰਮ ਟੈਰਿਫ" ਨੂੰ ਨਹੀਂ ਹਟਾਇਆ ਤਾਂ ਉਹ ਅਮਰੀਕਾ ਵਿੱਚ ਆਯਾਤ ਕੀਤੀਆਂ ਜਾਣ ਵਾਲੀਆਂ ਕਾਰਾਂ 'ਤੇ ਟੈਰਿਫ "ਕਾਫ਼ੀ ਹੱਦ ਤੱਕ ਵਧਾ" ਦੇਣਗੇ।
ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੋਮਵਾਰ ਨੂੰ ਮਿਸ਼ੀਗਨ, ਮਿਨੀਸੋਟਾ ਅਤੇ ਨਿਊਯਾਰਕ ਦੇ ਲਗਭਗ 1.5 ਮਿਲੀਅਨ ਨਿਵਾਸੀਆਂ ਦੁਆਰਾ ਵਰਤੀ ਜਾਂਦੀ ਬਿਜਲੀ 'ਤੇ 25 ਫੀਸਦੀ ਟੈਰਿਫ ਦਾ ਐਲਾਨ ਕੀਤਾ ਸੀ, ਜੋ ਕਿ ਟਰੰਪ ਦੇ ਕੈਨੇਡਾ ਪ੍ਰਤੀ ਹਾਲ ਹੀ ਵਿੱਚ ਹਮਲਾਵਰ ਭਾਸ਼ਾ ਦੇ ਜਵਾਬ ਵਿੱਚ ਸੋਮਵਾਰ ਤੋਂ ਲਾਗੂ ਹੋ ਗਿਆ ਹੈ।