ਟੈਰਿਫ ਵਾਰ: ਚੀਨ ਨੇ ਅਮਰੀਕਾ ਨੂੰ ਦਿੱਤੀ ਜੰਗ ਦੀ ਧਮਕੀ
Wednesday, Mar 05, 2025 - 04:14 AM (IST)

ਪੇਈਚਿੰਗ - ਚੀਨ ਨੇ ਅਮਰੀਕਾ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਧਮਕੀ ਦਿੱਤੀ ਹੈ। ਚੀਨ ਨੇ ਕਿਹਾ ਕਿ ਅਮਰੀਕਾ ਜੇਕਰ ਜੰਗ ਚਾਹੁੰਦਾ ਹੈ ਤਾਂ ਅਸੀਂ ਜੰਗ ਲਈ ਤਿਆਰ ਹਾਂ। ਚੀਨ ਵਲੋਂ ਇਹ ਬਿਆਨ ਟੈਰਿਫ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਆਇਆ ਹੈ। ਚੀਨ ਦਾ ਕਹਿਣਾ ਹੈ ਕਿ ਜੇਕਰ ਜੰਗ ਹੀ ਉਹ ਚੀਜ਼ ਹੈ, ਜੋ ਅਮਰੀਕਾ ਚਾਹੁੰਦਾ ਹੈ, ਚਾਹੇ ਉਹ ਟੈਰਿਫ ਜੰਗ ਹੋਵੇ, ਵਪਾਰਕ ਜੰਗ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦੀ ਜੰਗ ਤਾਂ ਅਸੀਂ ਅਖੀਰ ਤੱਕ ਲੜਨ ਲਈ ਤਿਆਰ ਹਾਂ। ਚੀਨ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਆਪਣੇ ਬਰਾਮਦ ’ਤੇ 10 ਫੀਸਦੀ ਟੈਰਿਫ ਦੇ ਦੂਸਰੇ ਦੌਰ ਨੂੰ ਲਾਗੂ ਕਰਨ ਦੇ ਜਵਾਬ ’ਚ ਅਮਰੀਕੀ ਚੀਜ਼ਾਂ ’ਤੇ ਵਾਧੂ 15 ਫੀਸਦੀ ਟੈਰਿਫ ਲਗਾ ਦਿੱਤਾ ਅਤੇ ਵਿਸ਼ਵ ਵਪਾਰ ਸੰਗਠਨ ’ਚ ਵਾਸ਼ਿੰਗਟਨ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ।
ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਅਤੇ ਮੈਕਸੀਕੋ ’ਤੇ 25 ਫੀਸਦੀ ਟੈਰਿਫ ਲਾਏ ਜਾਣ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ ’ਚ ਗਿਰਾਵਟ ਆਈ ਹੈ। ਅਮਰੀਕਾ ਦਾ ਐੱਸ. ਐਂਡ ਪੀ. 500 ਇੰਡੈਕਸ 2 ਫੀਸਦੀ ਤੱਕ ਡਿੱਗ ਗਿਆ ਹੈ। ਕੈਨੇਡਾ ਅਤੇ ਚੀਨ ਨੇ ਵੀ ਅਮਰੀਕਾ ’ਤੇ ਜਵਾਬੀ ਟੈਰਿਫ ਦਾ ਐਲਾਨ ਕੀਤਾ ਹੈ। ਕੈਨੇਡਾ ਅਗਲੇ 21 ਦਿਨਾਂ ’ਚ 155 ਅਰਬ ਡਾਲਰ ਦੀ ਅਮਰੀਕੀ ਦਰਾਮਦ ’ਤੇ 25 ਫੀਸਦੀ ਟੈਰਿਫ ਲਾਏਗਾ।