ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਹਾਲਤ ਨਾਜ਼ੁਕ, ਲੰਬੇ ਸਮੇਂ ਤੋਂ ਹਨ ਬੀਮਾਰ

Friday, Jun 10, 2022 - 05:28 PM (IST)

ਇਸਲਾਮਾਬਾਦ (ਭਾਸ਼ਾ) ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰੇਵਜ ਮੁਸ਼ੱਰਫ ਦੀ ਅੱਜ ਭਾਵ ਸ਼ੁੱਕਰਵਾਰ ਨੂੰ ਹਾਲਤ ਗੰਭੀਰ ਹੋ ਗਈ। ਹਾਲਾਂਕਿ ਇਕ ਟੀਵੀ ਚੈਨਲ ਦਾ ਦਾਅਵਾ ਹੈ ਕਿ ਮੁਸ਼ੱਰਫ ਨੂੰ ਦਿਲ ਅਤੇ ਹੋਰ ਬੀਮਾਰੀਆਂ ਕਾਰਨ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ, ਜਿਸ ਮਗਰੋਂ ਉਹਨਾਂ ਨੂੰ ਦੁਬਈ ਵਿਚ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਮੁਸ਼ੱਰਫ ਦੀ ਤਬੀਅਤ ਲੰਬੇਂ ਸਮੇਂ ਤੋਂ ਖਰਾਬ ਸੀ। 78 ਸਾਲਾ ਮੁਸ਼ੱਰਫ ਨੇ 1999 ਤੋਂ 2008 ਤੱਕ ਪਾਕਿਸਤਾਨ 'ਤੇ ਸ਼ਾਸਨ ਕੀਤਾ। ਮੁਸ਼ੱਰਫ ਮਾਰਚ 2016 ਤੋਂ ਦੁਬਈ ਵਿਚ ਹੀ ਰਹਿ ਰਹੇ ਹਨ। 

ਉਨ੍ਹਾਂ ਦੇ ਕਰੀਬੀ ਸਹਿਯੋਗੀ ਅਤੇ ਸਾਬਕਾ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮੁਸ਼ੱਰਫ ਦੀ ਹਾਲਤ ਨਾਜ਼ੁਕ ਹੈ ਕਿਉਂਕਿ ਉਹ ਵੈਂਟੀਲੇਟਰ 'ਤੇ ਹਨ।ਚੌਧਰੀ, ਜੋ ਇਮਰਾਨ ਖਾਨ ਸਰਕਾਰ ਵਿੱਚ ਸੂਚਨਾ ਮੰਤਰੀ ਸਨ, ਕਦੇ ਮੁਸ਼ੱਰਫ ਦੇ ਮੀਡੀਆ ਬੁਲਾਰੇ ਸਨ।ਚੌਧਰੀ ਨੇ ਕਿਹਾ ਕਿ ਉਨ੍ਹਾਂ ਨੇ ਮੁਸ਼ੱਰਫ ਦੇ ਬੇਟੇ ਨਾਲ ਗੱਲ ਕੀਤੀ, ਜਿਸ ਨੇ ਉਨ੍ਹਾਂ ਦੀ ਬੀਮਾਰੀ ਦੀ ਪੁਸ਼ਟੀ ਕੀਤੀ।ਚੌਧਰੀ ਨੇ ਕਿਹਾ ਕਿ ਮੈਂ ਹੁਣੇ ਹੀ ਜਨਰਲ ਮੁਸ਼ੱਰਫ ਦੇ ਬੇਟੇ ਬਿਲਾਲ ਨਾਲ ਦੁਬਈ 'ਚ ਗੱਲ ਕੀਤੀ ਹੈ, ਜਿਸ ਨੇ ਪੁਸ਼ਟੀ ਕੀਤੀ ਹੈ ਕਿ ਉਹ (ਮੁਸ਼ੱਰਫ) ਵੈਂਟੀਲੇਟਰ 'ਤੇ ਹਨ। ਰਿਪੋਰਟਾਂ 'ਤੇ ਪ੍ਰਤੀਕਿਰਿਆ ਕਰਦੇ ਹੋਏ, ਮੁਸ਼ੱਰਫ ਦੁਆਰਾ ਸਥਾਪਿਤ ਆਲ ਪਾਕਿਸਤਾਨ ਮੁਸਲਿਮ ਲੀਗ (ਏਪੀਐਮਐਲ) ਓਵਰਸੀਜ਼ ਦੇ ਪ੍ਰਧਾਨ ਇਫਜ਼ਲ ਸਿੱਦੀਕ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਥੋੜ੍ਹਾ ਬੀਮਾਰ ਹਨ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੇ ਮੈਰੀਲੈਂਡ ਸੂਬੇ 'ਚ ਫਿਰ ਗੋਲੀਬਾਰੀ, ਤਿੰਨ ਲੋਕਾਂ ਦੀ ਮੌਤ

ਸਿੱਦੀਕ ਨੇ ਕਿਹਾ ਕਿ ਜਨਰਲ ਪਰਵੇਜ਼ ਮੁਸ਼ੱਰਫ਼ ਭਾਵੇਂ ਘਰ ਵਿੱਚ ਥੋੜ੍ਹਾ ਬੀਮਾਰ ਹਨ ਪਰ ਆਮ ਵਾਂਗ ਪੂਰੀ ਤਰ੍ਹਾਂ ਚੌਕਸ ਹਨ। ਕਿਰਪਾ ਕਰਕੇ ਝੂਠੀਆਂ ਖ਼ਬਰਾਂ ਨੂੰ ਨਾ ਸੁਣੋ। ਬੱਸ ਉਨ੍ਹਾਂ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰੋ, ਅਮੀਨ। ਮੁਸ਼ੱਰਫ ਨੂੰ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਕਤਲ ਕੇਸ ਅਤੇ ਲਾਲ ਮਸਜਿਦ ਦੇ ਮੌਲਵੀ ਕਤਲ ਕੇਸ ਵਿੱਚ ਭਗੌੜਾ ਐਲਾਨਿਆ ਗਿਆ ਹੈ।ਸਾਬਕਾ ਰਾਸ਼ਟਰਪਤੀ, 2016 ਤੋਂ ਦੁਬਈ ਵਿੱਚ ਰਹਿ ਰਹੇ ਹਨ। ਸਾਬਕਾ ਫੌਜੀ ਸ਼ਾਸਕ ਮਾਰਚ 2016 ਵਿੱਚ ਡਾਕਟਰੀ ਇਲਾਜ ਲਈ ਦੁਬਈ ਲਈ ਰਵਾਨਾ ਹੋਇਆ ਸੀ ਅਤੇ ਉਦੋਂ ਤੋਂ ਵਾਪਸ ਨਹੀਂ ਆਇਆ ਹੈ।

ਮੁਸ਼ੱਰਫ ਨੂੰ ਪਾਕਿਸਤਾਨ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਪੇਸ਼ਾਵਰ ਹਾਈ ਕੋਰਟ ਦੇ ਚੀਫ ਜਸਟਿਸ ਅਹਿਮਦ ਸੇਠ ਦੀ ਪ੍ਰਧਾਨਗੀ ਵਿਚ ਵਿਸ਼ੇਸ਼ ਅਦਾਲਤ ਦੀ ਤਿੰਨ ਮੈਂਬਰੀ ਬੈਂਚ ਨੇ ਅਜਿਹੀ ਸਜ਼ਾ ਸੁਣਾਈ। 3 ਨਵੰਬਰ, 2007 ਨੂੰ ਦੇਸ਼ ਵਿਚ ਐਮਰਜੈਂਸੀ ਲਗਾਉਣ ਅਤੇ ਦਸੰਬਰ 2007 ਦੇ ਮੱਧ ਤੱਕ ਸੰਵਿਧਾਨ ਨੂੰ ਮੁਅੱਤਲ ਕਰਨ ਦੇ ਜ਼ੁਰਮ ਵਿਚ ਮੁਸ਼ੱਰਫ 'ਤੇ ਦਸੰਬਰ 2013  ਵਿਚ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਮੁਸ਼ੱਰਫ ਨੂੰ 31 ਮਾਰਚ, 2014 ਨੂੰ ਦੋਸ਼ੀ ਠਹਿਰਾਇਆ ਗਿਆ ਸੀ।


Vandana

Content Editor

Related News