ਵਿਦੇਸ਼ੀ ਨਾਗਰਿਕਾਂ ਦੇ ਬਣਾਏ ਸੀ ਫਰਜ਼ੀ ਦਸਤਾਵੇਜ਼, ਹੁਣ ਹੋਇਆ ਹਾਊਸ ਅਰੈਸਟ ਤੇ 50 ਹਜ਼ਾਰ ਡਾਲਰ ਜੁਰਮਾਨਾ
Saturday, Oct 05, 2024 - 03:37 AM (IST)

ਇੰਟਰਨੈਸ਼ਨਲ ਡੈਸਕ - ਵਿਨੀਪੈਗ ਤੋਂ ਇੱਕ 45 ਸਾਲਾ ਵਿਅਕਤੀ ਨੂੰ ਇਮੀਗ੍ਰੇਸ਼ਨ ਨਾਲ ਸਬੰਧਤ ਧੋਖਾਧੜੀ ਦੇ ਦੋਸ਼ ਲੱਗਣ ਤੋਂ ਬਾਅਦ ਦੋਸ਼ੀ ਠਹਿਰਾ ਦਿੱਤਾ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੇ ਜਨਵਰੀ 2021 ਵਿੱਚ ਸ਼ੁਰੂ ਹੋਈ ਜਾਂਚ ਤੋਂ ਬਾਅਦ ਸ਼ੁੱਕਰਵਾਰ ਨੂੰ ਬਲਕਰਨ ਸਿੰਘ ਨੂੰ ਦੋਸ਼ੀ ਠਹਿਰਾ ਦਿੱਤਾ ਹੈ।
ਬਲਕਰਨ ਸਿੰਘ ਨੇ ਐਮਰਸਨ ਬੰਦਰਗਾਹ 'ਤੇ ਤਿੰਨ ਵਿਦੇਸ਼ੀ ਨਾਗਰਿਕਾਂ ਲਈ ਵਰਕ ਪਰਮਿਟ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਹ ਦਾਅਵਾ ਕਰਦੇ ਹੋਏ ਕਿ ਉਨ੍ਹਾਂ ਨੂੰ ਵਿਨੀਪੈਗ ਦੇ ਨੇੜੇ ਇੱਕ ਗੁਰਦੁਆਰਾ ਸਾਹਿਬ 'ਚ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ। ਹਾਲਾਂਕਿ, ਸੀ.ਬੀ.ਐੱਸ.ਏ. ਅਧਿਕਾਰੀਆਂ ਨੇ ਚਿੰਤਾ ਜ਼ਾਹਿਰ ਕੀਤੀ ਅਤੇ ਪਰਮਿਟ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਮਗਰੋਂ ਮਾਮਲੇ ਦੀ ਡੂੰਘੀ ਜਾਂਚ ਕੀਤੀ ਗਈ।
ਦਸੰਬਰ 2023 'ਚ ਕੀਤੀ ਗਈ ਜਾਂਚ ਦੌਰਾਨ ਡਿਜੀਟਲ ਡਿਵਾਈਸਾਂ ਅਤੇ ਦਸਤਾਵੇਜ਼ਾਂ ਨੂੰ ਜ਼ਬਤ ਕੀਤਾ ਗਿਆ, ਜਿਸ ਵਿੱਚ ਇਹ ਖੁਲਾਸਾ ਹੋਇਆ ਕਿ ਬਲਕਰਨ ਨੇ ਆਪਣੇ ਗਾਹਕਾਂ ਲਈ ਫਰਜ਼ੀ ਰੁਜ਼ਗਾਰ ਪੇਸ਼ਕਸ਼ਾਂ ਅਤੇ ਇਮੀਗ੍ਰੇਸ਼ਨ ਦਸਤਾਵੇਜ਼ ਬਣਾਏ ਸਨ।
ਬਲਕਰਨ ਨੂੰ ਇਮੀਗ੍ਰੇਸ਼ਨ ਅਤੇ ਰਫਿਊਜੀ ਪ੍ਰੋਟੈਕਸ਼ਨ ਐਕਟ ਦੇ ਤਹਿਤ ਕੌਂਸਲਿੰਗ ਦੀ ਗ਼ਲਤ ਪੇਸ਼ਕਾਰੀ ਲਈ ਦੋਸ਼ੀ ਮੰਨਦੇ ਹੋਏ ਸਜ਼ਾ ਸੁਣਾਈ ਗਈ ਹੈ। ਉਸ ਦੀ ਸਜ਼ਾ ਵਿੱਚ ਦੋ ਸਾਲ ਲਈ ਘਰ ਵਿੱਚ ਨਜ਼ਰਬੰਦੀ (ਹਾਊਸ ਅਰੈਸਟ), ਕਰਫਿਊ, ਇਮੀਗ੍ਰੇਸ਼ਨ ਸਬੰਧੀ ਸਲਾਹ ਦੇਣ 'ਤੇ ਪਾਬੰਦੀ, 200 ਘੰਟੇ ਦੀ ਕਮਿਊਨਿਟੀ ਸੇਵਾ, ਅਤੇ 50,000 ਡਾਲਰ ਦਾ ਜੁਰਮਾਨਾ ਸ਼ਾਮਲ ਹੈ।