ਕੈਨੇਡਾ ''ਚ ਸਕੂਲ ਦੀ ਇਮਾਰਤ ਨੂੰ ਲੱਗੀ ਭਿਆਨਕ ਅੱਗ, ਪਲਕ ਝਪਕਦਿਆਂ ਹੀ ਸਭ ਕੁਝ ਸੜ ਕੇ ਹੋਇਆ ਸੁਆਹ
Sunday, Jan 18, 2026 - 09:54 AM (IST)
ਵੈਨਕੂਵਰ, (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ-ਪੂਰਬੀ ਖੇਤਰ ਵਿੱਚ ਸਥਿਤ ਬਲੂਬੈਰੀ ਰਿਵਰ ਫ਼ਰਸਟ ਨੇਸ਼ਨ ਵਿੱਚ ਸ਼ਨੀਚਰਵਾਰ ਤੜਕੇ ਇੱਕ ਸਕੂਲ ਦੀ ਇਮਾਰਤ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਅੱਗ ਕਾਰਨ ਸਕੂਲ ਦੀ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਅਤੇ ਲਗਭਗ ਤਬਾਹ ਹੋ ਚੁੱਕੀ ਹੈ।
ਪੁਲਸ ਅਨੁਸਾਰ ਅੱਗ ਲੱਗਣ ਦੀ ਸੂਚਨਾ ਸਵੇਰੇ ਲਗਭਗ 6:30 ਵਜੇ ਮਿਲੀ। ਜਦੋਂ ਪੁਲਸ ਅਤੇ ਅੱਗ-ਬੁਝਾਉਂ ਦਲ ਮੌਕੇ 'ਤੇ ਪਹੁੰਚੇ ਤਾਂ ਸਕੂਲ ਦੀ ਇਮਾਰਤ ਚਾਰੇ ਪਾਸਿਆਂ ਤੋਂ ਲਪਟਾਂ ਵਿੱਚ ਘਿਰੀ ਹੋਈ ਸੀ। ਅੱਗ ਇੰਨੀ ਭਿਆਨਕ ਸੀ ਕਿ ਅੰਦਰ ਦਾਖਲ ਹੋ ਕੇ ਇਸ 'ਤੇ ਕਾਬੂ ਪਾਉਣਾ ਬੇਹੱਦ ਮੁਸ਼ਕਲ ਹੋ ਗਿਆ ਸੀ। ਅੱਗ-ਬੁਝਾਉਂ ਟੀਮਾਂ ਨੇ ਕਈ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ਨੂੰ ਹੋਰ ਫੈਲਣ ਤੋਂ ਤਾਂ ਰੋਕ ਲਿਆ ਪਰ ਬਦਕਿਸਮਤੀ ਨਾਲ ਸਕੂਲ ਦੀ ਇਮਾਰਤ ਨੂੰ ਬਚਾਇਆ ਨਹੀਂ ਜਾ ਸਕਿਆ।
ਅਧਿਕਾਰੀਆਂ ਅਨੁਸਾਰ ਇਹ ਇੱਕ ਵੱਡੀ ਰਾਹਤ ਵਾਲੀ ਗੱਲ ਰਹੀ ਕਿ ਅੱਗ ਸਵੇਰੇ ਦੇ ਸਮੇਂ ਲੱਗੀ ਜਦੋਂ ਸਕੂਲ ਵਿੱਚ ਕੋਈ ਵਿਦਿਆਰਥੀ ਜਾਂ ਸਟਾਫ ਮੌਜੂਦ ਨਹੀਂ ਸੀ। ਇਸ ਕਾਰਨ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਨਹੀਂ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਸਨ।
ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਹਾਲੇ ਤੱਕ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਸ ਅਤੇ ਅੱਗ-ਬੁਝਾਉਂ ਵਿਭਾਗ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
