ਕੈਨੇਡਾ ਦੇ ਸਰੀ ''ਚ ਮਾਸਕ ਨੂੰ ਲੈ ਕੇ ਬੱਸ ''ਚ ਥੱਪੜੋ-ਥੱਪੜੀ ਹੋਏ ਨੌਜਵਾਨ

09/28/2020 10:37:41 AM

ਸਰੀ- ਪੰਜਾਬੀਆਂ ਦੇ ਗੜ੍ਹ ਸਰੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਦੋ ਨੌਜਵਾਨ ਇਕ-ਦੂਜੇ ਨਾਲ ਥੱਪੜੋ-ਥੱਪੜੀ ਹੋਏ ਹਨ। ਇਹ ਵੀਡੀਓ ਸਰੀ ਦੇ ਟਰਾਂਸਿਟ ਲਿੰਕ ਬੱਸ ਦੀ ਹੈ, ਜਿੱਥੇ ਇਕ ਨੌਜਵਾਨ ਬੱਸ ਵਿਚ ਬਿਨਾ ਮਾਸਕ ਦੇ ਸਵਾਰ ਸੀ ਤੇ ਦੂਜੇ ਨੌਜਵਾਨ ਨੇ ਉਸ ਨੂੰ ਸਿਰਫ ਮਾਸਕ ਪਾਉਣ ਲਈ ਹੀ ਕਿਹਾ ਸੀ ਕਿ ਇੰਨੇ 'ਚ ਦੋਹਾਂ 'ਚ ਬਹਿਸਬਾਜ਼ੀ ਹੋ ਗਈ ਤੇ ਗੱਲ ਥੱਪੜ-ਮੁੱਕਿਆਂ ਤਕ ਪਹੁੰਚ ਗਈ। ਹਾਲਾਂਕਿ ਇਹ ਪਤਾ ਨਹੀਂ ਲੱਗਾ ਕਿ ਇਹ ਨੌਜਵਾਨ ਕੌਣ ਸਨ। 

ਮਾਸਕ ਦੇਣ ਵਾਲੇ ਜ਼ਖਮੀ ਨੌਜਵਾਨ ਦਾ ਸਰੀ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਸ ਦੀ ਅੱਖ ਤੇ ਮੂੰਹ 'ਤੇ ਕਾਫੀ ਸੱਟਾਂ ਲੱਗੀਆਂ ਹਨ। 

ਟਰਾਂਸਿਟ ਪੁਲਸ ਨੇ ਦੱਸਿਆ ਕਿ ਇਹ ਘਟਨਾ 96 ਐਵੇਨਿਊ ਅਤੇ 120ਵੇਂ ਸਟਰੀਟ 'ਤੇ ਸ਼ਨੀਵਾਰ ਨੂੰ ਵਾਪਰੀ। ਸਵਾਰੀਆਂ ਨੇ ਦੱਸਿਆ ਕਿ ਨੌਜਵਾਨ ਨੇ ਦੂਜੇ ਨੌਜਵਾਨ ਨੂੰ ਆਪਣੇ ਬੈਗ ਵਿਚੋਂ ਇਕ ਮਾਸਕ ਪਾਉਣ ਲਈ ਦਿੱਤਾ ਪਰ ਉਸ ਨੇ ਇਨਕਾਰ ਕਰ ਦਿੱਤਾ। ਜਦ ਉਸ ਨੇ ਪੁੱਛਿਆ ਕਿ ਕੀ ਉਹ ਮੈਡੀਕਲ ਕਾਰਨਾਂ ਕਰਕੇ ਮਾਸਕ ਨਹੀਂ ਪਾ ਰਿਹਾ ਤਾਂ ਦੂਜਾ ਨੌਜਵਾਨ ਹਿੰਸਕ ਹੋ ਗਿਆ ਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਣ ਲੱਗਾ।

ਮਾਸਕ ਦੇਣ ਵਾਲੇ ਨੌਜਵਾਨ ਨੇ ਵੀ ਉਸ ਨੂੰ ਥੱਪੜ ਮਾਰ ਕੇ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਉਹ ਵਧੇਰੇ ਜ਼ਖਮੀ ਹੋ ਗਿਆ। ਲੋਕਾਂ ਦੀਆਂ ਚੀਕਾਂ ਸੁਣ ਕੇ ਸ਼ੱਕੀ ਨੌਜਵਾਨ ਭੱਜ ਗਿਆ। ਪੁਲਸ ਨੇ ਕਿਹਾ ਕਿ ਲੋਕਾਂ ਨੂੰ ਬੱਸ ਵਿਚ ਬੈਠਣ ਸਮੇਂ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ ਪਰ ਜੇਕਰ ਕੋਈ ਵਿਅਕਤੀ ਬਿਨਾ ਮਾਸਕ ਦੇ ਬੈਠਾ ਹੈ ਤਾਂ ਸਵਾਰੀਆਂ ਨੂੰ ਉਸ ਨਾਲ ਬਹਿਸ ਨਹੀਂ ਕਰਨੀ ਚਾਹੀਦੀ ਸਗੋਂ ਉਸ ਤੋਂ ਦੂਰੀ ਬਣਾ ਕੇ ਬੈਠ ਜਾਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਕੁਝ ਲੋਕ ਮੈਡੀਕਲ ਕਾਰਨਾਂ ਕਰਕੇ ਮਾਸਕ ਨਹੀਂ ਪਾਉਂਦੇ ਤੇ ਪੁੱਛਣ 'ਤੇ ਹਿੰਸਕ ਹੋ ਜਾਂਦੇ ਹਨ। ਫਿਲਹਾਲ ਪੁਲਸ ਇਸ ਸ਼ੱਕੀ ਨੌਜਵਾਨ ਦੀ ਭਾਲ ਕਰ ਰਹੀ ਹੈ। 


Lalita Mam

Content Editor

Related News