ਬੇਟੀ ਦੇ ਵਿਆਹ ਦੇ ਦਿਨ ਪਿਤਾ ਨੇ ਉਡਾਇਆ ਘਰ, ਹੋਈ ਮੌਤ

Sunday, Sep 15, 2019 - 03:04 PM (IST)

ਬੇਟੀ ਦੇ ਵਿਆਹ ਦੇ ਦਿਨ ਪਿਤਾ ਨੇ ਉਡਾਇਆ ਘਰ, ਹੋਈ ਮੌਤ

ਏਜਵੁੱਡ– ਅਮਰੀਕਾ ’ਚ ਪਿਟਸਬਰਗ ’ਚ ਇਕ ਵਿਅਕਤੀ ਨੇ ਆਪਣੀ ਬੇਟੀ ਦੇ ਵਿਆਹ ਦੇ ਦਿਨ ਆਪਣਾ ਘਰ ਧਮਾਕੇ ਨਾਲ ਉਡਾ ਦਿੱਤਾ। ਘਟਨਾ ’ਚ ਪਿਤਾ ਦੀ ਮੌਤ ਹੋ ਗਈ ਹੈ। ਪੁਲਸ ਅਧਿਕਾਰੀਆਂ ਨੇ ਟੀਵੀ ਚੈਨਲ ਕੇਡੀਕੇਏ ਨੂੰ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਮਾਲਕ ਦੀ ਲਾਸ਼ ਬਰਾਮਦ ਕਰ ਲਈ ਗਈ ਤੇ ਮਕਾਨ ਮਾਲਕ ਦੀ ਮੌਤ ਨੂੰ ਖੁਦਕੁਸ਼ੀ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਉਹ ਅਜੇ ਵੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਧਮਾਕਾ ਕਿਵੇਂ ਹੋਇਆ। ਪੁਲਸ ਮੁਖੀ ਰਾਬਰਟ ਪਾਇਨੇ ਨੇ ਪਿਟਸਬਰਗ ਪੋਸਟ-ਗੈਜੇਟ ਨੂੰ ਦੱਸਿਆ ਕਿ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਵਿਆਹ ਸਮਾਗਮ ’ਚ ਗਏ ਹੋਏ ਸਨ। ਗੁਆਂਢੀਆਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਧਮਾਕੇ ਤੋਂ ਠੀਕ ਪਹਿਲਾਂ ਘਰ ਦੇ ਮੁਹਰਲੇ ਪਾਸੇ ਘਰ ਦੇ ਮਾਲਕ ਨੂੰ ਦੇਖਿਆ ਸੀ। ਪੁਲਸ ਨੇ ਕਿਹਾ ਕਿ ਮਕਾਨ ਮਾਲਕ ਦੀ ਮਾਨਸਿਕ ਸਥਿਤੀ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਹੰਗਾਮਾ ਹੋਇਆ ਸੀ, ਜਿਸ ਕਾਰਨ ਕਈ ਵਾਰ ਪੁਲਸ ਉਨ੍ਹਾਂ ਦੇ ਘਰ ਜਾ ਚੁੱਕੀ ਸੀ। 


author

Baljit Singh

Content Editor

Related News