ਪਾਕਿਸਤਾਨ ''ਚ ਖੌਫ਼ਨਾਕ ਵਾਰਦਾਤ, ਧੀ ਦੇ ਵਿਆਹ ਤੋਂ ਨਾ-ਖ਼ੁਸ਼ ਪਿਓ ਨੇ ਅਦਾਲਤ ''ਚ ਗੋਲ਼ੀ ਮਾਰ ਕੀਤਾ ਕੁੜੀ ਦਾ ਕਤਲ
Tuesday, Jan 24, 2023 - 06:17 PM (IST)
ਪੇਸ਼ਾਵਰ : ਆਨਰ ਕਿਲਿੰਗ ਦਾ ਇੱਕ ਬਹੁਤ ਹੀ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ 'ਚ ਸੋਮਵਾਰ ਨੂੰ ਨਵ-ਵਿਆਹੁਤਾ ਕੁੜੀ ਆਪਣਾ ਬਿਆਨ ਦਰਜ ਕਰਵਾਉਣ ਲਈ ਕਰਾਚੀ ਦੀ ਅਦਾਲਤ ਪਹੁੰਚੀ, ਜਿੱਥੇ ਉਸ ਦੇ ਪਿਤਾ ਨੇ ਅਦਾਲਤ 'ਚ ਹੀ ਉਸ ਦੀ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਕੁੜੀ ਨੇ ਕੁਝ ਸਮਾਂ ਪਹਿਲਾਂ ਆਪਣੇ ਪਰਿਵਾਰ ਦੇ ਖ਼ਿਲਾਫ਼ ਕੋਰਟ ਮੈਰਿਜ ਕੀਤੀ ਸੀ ਅਤੇ ਉਹ ਖ਼ੁਦ ਹੀ ਵਿਆਹ ਦੇ ਸਬੰਧ 'ਚ ਆਪਣਾ ਬਿਆਨ ਦਰਜ ਕਰਵਾਉਣ ਲਈ ਅਦਾਲਤ ਪਹੁੰਚੀ ਸੀ।
ਇਹ ਵੀ ਪੜ੍ਹੋ- ਕਪੂਰਥਲਾ ਦੇ ਡੀ. ਸੀ. ਚੌਂਕ ਨੇੜੇ ਵਾਪਰਿਆ ਵੱਡਾ ਹਾਦਸਾ, ਡਿਊਟੀ ਦੇ ਰਹੇ ASI ਦੀ ਤੜਫ਼-ਤੜਫ਼ ਕੇ ਹੋਈ ਮੌਤ
ਪੁਲਸ ਦਾ ਕਹਿਣਾ ਹੈ ਕਿ ਕਰਾਚੀ ਦੇ ਪੀਰਾਬਾਦ ਦੀ ਰਹਿਣ ਵਾਲੀ 35 ਸਾਲਾ ਔਰਤ ਨੇ ਆਪਣੇ ਗੁਆਂਢ ਦੇ ਇੱਕ ਡਾਕਟਰ ਨਾਲ ਵਿਆਹ ਕੀਤਾ ਸੀ। ਕਰਾਚੀ ਪੁਲਸ ਨੇ ਦੱਸਿਆ ਕਿ ਜਦੋਂ ਔਰਤ ਸੋਮਵਾਰ ਸਵੇਰੇ ਕਰਾਚੀ ਦੀ ਅਦਾਲਤ 'ਚ ਆਪਣਾ ਬਿਆਨ ਦਰਜ ਕਰਵਾਉਣ ਪਹੁੰਚੀ ਤਾਂ ਉਸ ਦੇ ਪਿਤਾ ਨੇ ਉਸ 'ਤੇ ਤਿੰਨ ਗੋਲ਼ੀਆਂ ਚਲਾਈਆਂ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਵਿੱਚ ਇੱਕ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ, ਜਿਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਸ ਨੇ ਮੁਲਜ਼ਮ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਨਵਜੋਤ ਸਿੱਧੂ ਦੇ 'Grand Welcome' ਦੀਆਂ ਤਿਆਰੀਆਂ ਸ਼ੁਰੂ, ਮਹਾਨਗਰ ਲੁਧਿਆਣਾ 'ਚ ਲੱਗੇ ਬੋਰਡ
ਐੱਸ. ਐੱਸ. ਪੀ. ਨੇ ਕਿਹਾ ਕਿ ਲਗਭਗ ਹਰ ਮਾਮਲੇ ਵਿੱਚ ਆਨਰ ਕਿਲਿੰਗ ਲਈ ਪਿਤਾ, ਪਤੀ, ਭਰਾ ਜਾਂ ਹੋਰ ਰਿਸ਼ਤੇਦਾਰ ਜ਼ਿੰਮੇਵਾਰ ਹਨ। ਉਸ ਨੇ ਦੱਸਿਆ ਕਿ ਔਰਤ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ ਅਤੇ ਘਰ ਛੱਡ ਕੇ ਚਲੀ ਗਈ ਸੀ, ਜਿਸ ਕਾਰਨ ਉਸ ਦਾ ਪਿਤਾ ਨਾਰਾਜ਼ ਸੀ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵਿੱਚ ਹਰ ਸਾਲ ਹਜ਼ਾਰਾਂ ਔਰਤਾਂ ਆਨਰ ਕਿਲਿੰਗ ਦਾ ਸ਼ਿਕਾਰ ਹੁੰਦੀਆਂ ਹਨ। ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਦਾ ਕਹਿਣਾ ਹੈ ਕਿ ਪਿਛਲੇ ਇੱਕ ਦਹਾਕੇ ਵਿੱਚ ਹਰ ਸਾਲ 650 ਔਰਤਾਂ ਆਨਰ ਕਿਲਿੰਗ ਦਾ ਸ਼ਿਕਾਰ ਹੁੰਦੀਆਂ ਹਨ ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲਿਆਂ ਵਿੱਚ ਐੱਫ. ਆਈ. ਆਰ. ਵੀ ਦਰਜ ਨਹੀਂ ਹੁੰਦੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।