ਤੇਜ਼ ਦੌੜਨ ਵਾਲੀਆਂ ਔਰਤਾਂ ਦੀ ਉਮਰ ਹੁੰਦੀ ਹੈ ਲੰਬੀ

12/13/2019 6:14:34 PM

ਵਾਸ਼ਿੰਗਟਨ(ਇੰਟ.)- ਸਰੀਰਕ ਪੱਖੋਂ ਸਰਗਰਮ ਰਹਿਣ ਨਾਲ ਹਰ ਕੋਈ ਸਿਹਤਮੰਦ ਰਹਿ ਸਕਦਾ ਹੈ। ਇਕ ਹਾਲੀਆ ਖੋਜ ਅਨੁਸਾਰ ਜੋ ਔਰਤਾਂ ਟ੍ਰੈਡਮਿਲ ’ਤੇ ਦੌੜਦੀਆਂ ਹਨ ਉਨ੍ਹਾਂ ਦੀ ਉਮਰ ’ਚ 4 ਗੁਣਾ ਵਾਧਾ ਹੋ ਜਾਂਦੀ ਹੈ। ਇਸ ਖੋਜ ’ਚ ਔਰਤਾਂ ਵਲੋਂ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਕਸਰਤਾਂ ਦਾ ਉਨ੍ਹਾਂ ਦੇ ਸਰੀਰ ’ਤੇ ਹੋਣ ਵਾਲਾ ਪ੍ਰਭਾਵ ਵੇਖਿਆ ਗਿਆ ਹੈ। ਇਸ ਖੋਜ ’ਚ ਸਾਹਮਣੇ ਆਇਆ ਹੈ ਕਿ ਕਾਫੀ ਫੁਰਤੀ ਤੇ ਤੇਜ਼ੀ ਨਾਲ ਕੀਤੀ ਜਾਣ ਵਾਲੀ ਕਸਰਤ ਅਤੇ ਸਰੀਰਕ ਸਰਗਰਮੀਆਂ ਔਰਤਾਂ ’ਚ ਦਿਲ ਦੀਆਂ ਬੀਮਾਰੀਆਂ ਕਾਰਣ ਹੋਣ ਵਾਲੀ ਜਲਦੀ ਮੌਤ ਦੇ ਖਤਰੇ ਨੂੰ ਟਾਲਣ ਦਾ ਕੰਮ ਕਰਦੀਆਂ ਹਨ। ਇਸ ਤੋਂ ਇਲਾਵਾ ਅਜਿਹੀ ਕਸਰਤ ਕਰਨ ਵਾਲੀਆਂ ਔਰਤਾਂ ਦੀ ਉਮਰ ਵੀ ਲੰਬੀ ਹੁੰਦੀ ਹੈ।

ਬਹੁਤ ਫਾਇਦੇਮੰਦ ਹੈ ਤੇਜ਼ ਗਤੀ ਦੀ ਕਸਰਤ
ਖੋਜਕਾਰਾਂ ਦਾ ਕਹਿਣਾ ਹੈ ਕਿ ਤੇਜ਼ ਗਤੀ ਵਾਲੀ ਕਸਰਤ ਦਿਲ ਦੀਆਂ ਧੜਕਣਾਂ ਨੂੰ ਕੰਟਰੋਲ ਰੱਖਣ, ਖੂਨ ਦੇ ਪ੍ਰਵਾਹ ਨੂੰ ਕੰਟਰੋਲ ਕਰਨ ਅਤੇ ਵਾਧੂ ਚਰਬੀ ਨੂੰ ਸਰੀਰ ’ਚ ਜਮ੍ਹਾ ਹੋਣ ਤੋਂ ਰੋਕਦੀ ਹੈ। ਇਸ ਕਾਰਨ ਔਰਤਾਂ ’ਚ ਦਿਲ ਸਬੰਧੀ ਬੀਮਾਰੀਆਂ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਦੇ ਹੋਣ ਦਾ ਖਤਰਾ ਕਈ ਗੁਣਾ ਘਟ ਜਾਂਦਾ ਹੈ। ਇਸ ਤਾਜ਼ਾ ਖੋਜ ਨੂੰ ਯੂਰਪੀਅਨ ਸੋਸਾਇਟੀ ਆਫ ਕਾਰਡੀਆਲੋਜੀ ਵਲੋਂ ਆਯੋਜਿਤ ਪ੍ਰੋਗਰਾਮ ਯੂਰੋਇਕੋ 2019 ’ਚ ਪੇਸ਼ ਕੀਤਾ ਗਿਆ। ਖੋਜ ’ਚ ਸਾਹਮਣੇ ਆਇਆ ਕਿ ਟ੍ਰੈਡਮਿਲ ’ਤੇ ਕਸਰਤ ਕਰਨ ਵਾਲੀਆਂ ਜਾਂ ਰੋਜ਼ਾਨਾ ਦੌੜਨ ਵਾਲੀਆਂ ਔਰਤਾਂ ’ਚ ਧਮਣੀਆਂ ਨਾਲ ਜੁੜੀਆਂ ਮੁਸ਼ਕਿਲਾਂ ਹੋਣ ਦਾ ਖਤਰਾ ਨਾ ਦੇ ਬਰਾਬਰ ਹੁੰਦਾ ਹੈ। ਇਸ ਨਾਲ ਉਨ੍ਹਾਂ ਦੇ ਦਿਲ ਰਾਹੀਂ ਸਹੀ ਢੰਗ ਨਾਲ ਖੂਨ ਦਾ ਪ੍ਰਵਾਹ ਸਰੀਰ ਦੇ ਦੂਸਰਿਆਂ ਅੰਗਾਂ ’ਚ ਹੁੰਦਾ ਰਹਿੰਦਾ ਹੈ। ਬਲਾਕੇਜ, ਕਲੋਟਿੰਗ, ਸਟਰੋਕ ਵਰਗੀਆਂ ਮੁਸ਼ਕਿਲਾਂ ਦਾ ਖਤਰਾ ਵੀ ਕਾਫੀ ਘੱਟ ਹੋ ਜਾਂਦਾ ਹੈ।

ਇਸ ਤਰ੍ਹਾਂ ਕੀਤੀ ਖੋਜ
ਖੋਜਕਾਰਾਂ ਨੇ 4,714 ਔਰਤਾਂ ’ਤੇ ਖੋਜ ਕੀਤੀ। ਇਨ੍ਹਾਂ ਔਰਤਾਂ ਨੂੰ ਟ੍ਰੈਡਮਿਲ ਈਕੋ ਕਾਰਡੀਓਗ੍ਰਾਫੀ ਕਰਵਾਉਣ ਨੂੰ ਕਿਹਾ ਗਿਆ ਸੀ ਕਿਉਂਕਿ ਉਨ੍ਹਾਂ ’ਚ ਦਿਲ ਸਬੰਧੀ ਧਮਣੀ ਦੀ ਬੀਮਾਰੀ ਦਾ ਸ਼ੱਕ ਸੀ। ਟੈਸਟ ’ਚ ਮਰੀਜ਼ਾਂ ਨੂੰ ਉਦੋਂ ਤੱਕ ਟ੍ਰੈਡਮਿਲ ’ਤੇ ਦੌੜਨਾ ਹੁੰਦਾ ਹੈ ਜਦੋਂ ਤੱਕ ਉਹ ਪੂਰੀ ਤਰ੍ਹਾਂ ਥੱਕ ਨਾ ਜਾਣ। ਇਸ ਟੈਸਟ ਦੌਰਾਨ ਮਰੀਜ਼ਾਂ ਦੇ ਦਿਲ ਦਾ ਸਕੈਨ ਕੀਤਾ ਜਾਂਦਾ ਹੈ। ਇਸ ਦੀ ਮਦਦ ਨਾਲ ਮਰੀਜ਼ਾਂ ਦੇ ਫਿਟਨੈੱਸ ਦੇ ਪੱਧਰ ਦੀ ਜਾਂਚ ਕੀਤੀ ਗਈ। ਖੋਜ ’ਚ ਪਾਇਆ ਗਿਆ ਕਿ ਜਿਨ੍ਹਾਂ ਔਰਤਾਂ ਦਾ ਫਿਟਨੈੱਸ ਸਕੋਰ 10 ਸੀ ਉਨ੍ਹਾਂ ਦੀ ਕਸਰਤ ਕਰਨ ਦੀ ਸਮਰੱਥਾ 10 ਤੋਂ ਘੱਟ ਸਕੋਰ ਵਾਲਿਆਂ ਤੋਂ ਬਿਹਤਰ ਸੀ।


Baljit Singh

Content Editor

Related News