3 ਸਾਲ ਬਾਅਦ 15 ਅਗਸਤ ਨੂੰ ਮਿਲ ਸਕਣਗੇ ਕੋਰੀਆਈ ਯੁੱਧ ''ਚ ਵਿਛੜੇ ਪਰਿਵਾਰ

06/22/2018 3:31:32 PM

ਸਿਅੋਲ (ਬਿਊਰੋ)— ਉੱਤਰੀ ਅਤੇ ਦੱਖਣੀ ਕੋਰੀਆ ਦੋਵੇਂ ਹੁਣ ਉਨ੍ਹਾਂ ਪਰਿਵਾਰਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕੋਰੀਆਈ ਯੁੱਧ ਦੌਰਾਨ ਵਿਛੜ ਗਏ ਸਨ। ਸ਼ੁੱਕਰਵਾਰ ਨੂੰ ਦੋਹਾਂ ਦੇਸ਼ਾਂ ਦੇ ਅਧਿਕਾਰੀ ਮਿਲੇ ਅਤੇ ਉਨ੍ਹਾਂ ਨੇ ਇਸ ਮੁੱਦੇ 'ਤੇ ਚਰਚਾ ਕੀਤੀ। ਸਾਲ 1950 ਤੋਂ ਸਾਲ 1953 ਤੱਕ ਕੋਰੀਆਈ ਦੇਸ਼ਾਂ ਵਿਚਕਾਰ ਯੁੱਧ ਚੱਲਿਆ ਸੀ ਅਤੇ ਇਸ ਮਗਰੋਂ ਦੋਵੇਂ ਦੇਸ਼ ਵੱਖ ਹੋ ਗਏ ਸਨ। ਇਸ ਵੰਡ ਕਾਰਨ ਕੋਈ ਲੋਕ ਆਪਣੇ ਪਰਿਵਾਰ ਤੋਂ ਵਿਛੜ ਗਏ ਸਨ। ਅਪ੍ਰੈਲ ਵਿਚ ਕੋਰੀਆਈ ਸੰਮੇਲਨ ਵਿਚ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਦੀ ਮੁਲਾਕਾਤ ਹੋਈ ਸੀ। ਇਸ ਮੁਲਾਕਾਤ ਦੇ ਬਾਅਦ ਦੋਵੇਂ ਦੇਸ਼ ਲਗਾਤਾਰ ਕੂਟਨੀਤਕ ਸੰਬੰਧਾਂ ਨੂੰ ਅੱਗੇ ਵਧਾਉਣ ਵਿਚ ਲੱਗੇ ਹੋਏ ਹਨ।
ਅੱਜ ਹੋਵੇਗੀ ਮੀਟਿੰਗ ਵਿਚ ਚਰਚਾ
ਸਿਅੋਲ ਦੇ ਯੂਨੀਫਿਕੇਸ਼ਨ ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ਵਿਚ ਉਨ੍ਹਾਂ ਉਪਾਆਂ 'ਤੇ ਚਰਚਾ ਹੋਵੇਗੀ ਜਿਸ ਦੇ ਤਹਿਤ ਇਕ ਸਮਝੌਤਾ ਕੀਤਾ ਜਾਵੇਗਾ। ਇਹ ਸਮਝੌਤਾ ਅਪ੍ਰੈਲ ਵਿਚ ਕਿਮ ਜੋਂਗ-ਉਨ ਅਤੇ ਮੂਨ ਜੇ-ਇਨ ਵਿਚਕਾਰ ਮੁਲਾਕਾਤ 'ਤੇ ਹੀ ਆਧਾਰਿਤ ਹੋਵੇਗਾ। ਕਿਮ ਅਤੇ ਮੂਨ ਮਈ ਵਿਚ ਦੁਬਾਰਾ ਮਿਲੇ ਸਨ। ਉਨ੍ਹਾਂ ਦੀ ਇਸ ਮੁਲਾਕਾਤ ਨੇ ਦੋਹਾਂ ਦੇਸ਼ਾਂ ਵਿਚਕਾਰ ਸ਼ਾਂਤੀ ਲਈ ਕਈ ਰਸਤਿਆਂ ਨੂੰ ਖੇਲ ਦਿੱਤਾ ਹੈ। ਦੋਵੇਂ ਦੇਸ਼ ਹਾਲ ਵਿਚ ਹੀ ਇਸ ਗੱਲ 'ਤੇ ਰਾਜ਼ੀ ਹੋਏ ਹਨ ਕਿ ਉਨ੍ਹਾਂ ਵਿਚਕਾਰ ਇਕ ਹੌਟ ਲਾਈਨ ਸ਼ੁਰੂ ਕੀਤੀ ਜਾਵੇ। ਇਸ ਦੇ ਇਲਾਵਾ ਇੰਡੋਨੇਸ਼ੀਆ ਵਿਚ ਹੋਣ ਵਾਲੇ ਏਸ਼ੀਆਈ ਖੇਡਾਂ ਲਈ ਜੁਆਇੰਟ ਟੀਮਾਂ ਵੀ ਭੇਜੀਆਂ ਜਾਣਗੀਆਂ।
15 ਅਗਸਤ ਨੂੰ ਮਿਲੀ ਸੀ ਦੋਹਾਂ ਦੇਸ਼ਾਂ ਨੂੰ ਆਜ਼ਾਦੀ
15 ਅਗਸਤ ਨੂੰ ਦੋਹਾਂ ਦੇਸ਼ਾਂ ਦੇ ਉਨ੍ਹਾਂ ਸਾਰੇ ਪਰਿਵਾਰਾਂ ਨੂੰ ਮਿਲਾਇਆ ਜਾਵੇਗਾ ਜੋ ਯੁੱਧ ਦੌਰਾਨ ਵਿਛੜ ਗਏ ਸਨ। 15 ਅਗਸਤ 1945 ਨੂੰ ਦੋਹਾਂ ਦੇਸ਼ਾਂ ਨੂੰ ਦੂਜਾ ਵਿਸ਼ਵ ਯੁੱਧ ਖਤਮ ਹੋਣ ਮਗਰੋਂ ਜਾਪਾਨ ਤੋਂ ਆਜ਼ਾਦੀ ਮਿਲੀ ਸੀ। ਸ਼ੁੱਕਰਵਾਰ ਦੀ ਮੀਟਿੰਗ ਵਿਚ ਪਰਿਵਾਰਾਂ ਲਈ ਰੀ-ਯੂਨੀਅਨ ਦੀ ਤਰੀਕ ਅਤੇ ਜਗ੍ਹਾ ਤੈਅ ਕੀਤੀ ਜਾਵੇਗੀ। ਇਸ ਦੇ ਇਲਾਵਾ ਕਿੰਨੇ ਲੋਕ ਇਸ ਵਿਚ ਸ਼ਾਮਲ ਹੋਣਗੇ ਇਨ੍ਹਾਂ ਦੀ ਗਿਣਤੀ ਦਾ ਨਿਰਧਾਰਨ ਕੀਤਾ ਜਾਵੇਗਾ। ਹਾਲਾਂਕਿ ਇਹ ਮੁਲਾਕਾਤ ਖਟਾਈ ਵਿਚ ਪੈ ਸਕਦੀ ਹੈ ਜੇ ਉੱਤਰੀ ਕੋਰੀਆ ਦੇ ਅਧਿਕਾਰੀ ਰੀ-ਯੂਨੀਅਨ ਦੇ ਬਦਲੇ ਬਾਰ-ਬਾਰ ਉਨ੍ਹਾਂ 12 ਰੈਸਟੋਰੈਂਟ ਵਰਕਰਾਂ ਨੂੰ ਦੇਸ਼ ਭੇਜਣ ਦੀ ਮੰਗ ਕਰਦੇ ਰਹੇ ਜੋ ਦੱਖਣੀ ਕੋਰੀਆ ਦੀਆਂ ਜੇਲਾਂ ਵਿਚ ਬੰਦ ਹਨ। 
ਆਖਿਰੀ ਵਾਰੀ ਸਾਲ 2015 ਵਿਚ ਹੋਈ ਸੀ ਰੀ-ਯੂਨੀਅਨ
ਕੋਰੀਆਈ ਦੇਸ਼ਾਂ ਨੇ ਆਖਿਰੀ ਵਾਰੀ ਸਾਲ 2015 ਵਿਚ ਫੈਮਿਲੀ ਰੀ-ਯੂਨੀਅਨ ਕਰਵਾਇਆ ਸੀ। ਉਸ ਮਗਰੋਂ ਦੋਹਾਂ ਦੇਸ਼ਾਂ ਦੇ ਰਿਸ਼ਤੇ ਵਿਗੜਦੇ ਗਏੇ। ਕੋਰੀਆਈ ਯੁੱਧ ਦੇ ਬਾਅਦ ਦੋਹਾਂ ਦੇਸ਼ਾਂ ਨੇ ਆਪਣੇ ਨਾਗਰਿਕਾਂ ਦੇ ਬਾਰਡਰ ਪਾਰ ਵੱਸਦੇ ਆਪਣੇ ਰਿਸ਼ਤੇਦਾਰਾਂ ਨੂੰੰ ਮਿਲਣ 'ਤੇ ਪਾਬੰਦੀ ਲਗਾਈ ਹੋਈ ਹੈ। ਸਾਲ 2000 ਤੋਂ ਸਾਲ 2015 ਤੱਕ ਕਰੀਬ 20 ਵਾਰੀ ਰੀ-ਯੂਨੀਅਨ ਹੋਈ ਹੈ। ਜਿਸ ਵਿਚ 20,000 ਕੋਰੀਆਈ ਨਾਗਰਿਕ ਸ਼ਾਮਲ ਹੋਏ ਸਨ।
ਲਾਟਰੀ ਸਿਸਟਮ ਜ਼ਰੀਏ ਹੋਵੇਗੀ ਚੋਣ
ਰੀ-ਯੂਨੀਅਨ ਦੇ ਇਲਾਵਾ ਦੱਖਣੀ ਕੋਰੀਆਈ ਅਧਿਕਾਰੀ ਇਕ ਸਰਵੇ ਦਾ ਪ੍ਰਸਤਾਵ ਵੀ ਦੇ ਸਕਦੇ ਹਨ। ਜਿਸ ਦੇ ਤਹਿਤ ਉੱਤਰੀ ਕੋਰੀਆ ਵਿਚ ਯੁੱਧ ਵਿਚ ਬਚੇ ਕਿਸੇ ਪਰਿਵਾਰ ਦੇ ਮੈਂਬਰਾਂ ਦੇ ਬਾਰੇ ਵਿਚ ਲਗਾ ਸਕੇਗਾ। ਦੱਖਣੀ ਕੋਰੀਆ ਦੇ ਅਫਸਰਾਂ ਮੁਤਾਬਕ 132,000 ਲੋਕਾਂ ਵੱਲੋਂ ਰੀ-ਯੂਨੀਅਨ ਲਈ ਅਰਜ਼ੀ ਦਿੱਤੀ ਗਈ ਸੀ ਪਰ ਇਨ੍ਹਾਂ ਵਿਚੋਂ 75,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਖਣੀ ਕੋਰੀਆ ਕੰਪਿਊਟਰਾਈਜ਼ਡ ਲਾਟਰੀ ਸਿਸਟਮ ਜ਼ਰੀਏ ਰੀ-ਯੂਨੀਅਨ ਵਿਚ ਹਿੱਸਾ ਲੈਣ ਵਾਲਿਆਂ ਦੀ ਚੋਣ ਕਰ ਸਕਦਾ ਹੈ।


Related News