ਫਰਜ਼ੀ ਫੋਨ ਕਾਲਜ਼ ਨੂੰ ਕਰੋ ਨਜ਼ਰ-ਅੰਦਾਜ਼, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

02/10/2018 6:08:14 AM

ਮੈਲਬੋਰਨ (ਮਨਦੀਪ ਸੈਣੀ)  - ਆਸਟ੍ਰੇਲੀਆ ਦੇ ਮੁਕਾਬਲੇਬਾਜ਼ੀ ਤੇ ਖਪਤਕਾਰ ਮਹਿਕਮੇ ਨੇ ਲੋਕਾਂ ਨੂੰ ਅਫਰੀਕੀ ਅਤੇ ਯੂਰਪੀ ਦੇਸ਼ਾਂ ਤੋਂ ਆ ਰਹੀਆਂ ਫਰਜ਼ੀ ਫੋਨ ਕਾਲਜ਼ ਨੂੰ ਨਜ਼ਰ-ਅੰਦਾਜ਼ ਕਰਨ ਲਈ ਸੁਚੇਤ ਕੀਤਾ ਹੈ। ਮਹਿਕਮੇ ਨੇ ਕਿਹਾ ਹੈ ਕਿ ਇਨ੍ਹਾਂ ਮੁਲਕਾਂ ਤੋਂ ਆ ਰਹੀਆਂ ਸ਼ੱਕੀ ਕਾਲਜ਼ ਨੂੰ ਸੁਣਨਾ ਜਾਂ ਦੁਬਾਰਾ ਫੋਨ ਕਰਨਾ ਮਹਿੰਗਾ ਪੈ ਸਕਦਾ ਹੈ। ਕਈ ਦੇਸ਼ਾਂ ਵਿਚ ਸਰਗਰਮ ਧੋਖੇਬਾਜ਼ ਲੋਕਾਂ ਵੱਲੋਂ ਆਸਟ੍ਰੇਲੀਆ ਵਿਚ ਫਰਜ਼ੀ ਇਮੀਗ੍ਰੇਸ਼ਨ, ਨਕਲੀ ਟੈਕਸ ਵਿਭਾਗ, ਬੈਂਕ ਜਾਂ ਹੋਰ ਕਿਸੇ ਵਪਾਰਕ ਅਦਾਰੇ ਦਾ ਪ੍ਰਤੀਨਿਧੀ ਬਣ ਕੇ ਫੋਨ ਕੀਤਾ ਜਾਂਦਾ ਹੈ ਤਾਂ ਜੋ ਤੁਹਾਡੀ ਨਿੱਜੀ ਜਾਣਕਾਰੀ ਪ੍ਰਾਪਤ ਕਰਕੇ ਪੂੰਜੀ ਹੜੱਪੀ ਜਾ ਸਕੇ। ਕੋਈ ਵੀ ਜਾਣਕਾਰੀ ਮੁਹੱਈਆ ਕਰਵਾਉਣ ਤੋਂ ਪਹਿਲਾਂ ਸਬੰਧਤ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਸਰਵੇ ਜਾਂ ਮੁਫਤ ਮੁਕਾਬਲਿਆਂ ਲਈ ਦਿੱਤੀ ਜਾਣਕਾਰੀ ਵੀ ਖਪਤਕਾਰ ਲਈ ਆਰਥਿਕ ਤੌਰ 'ਤੇ ਖਤਰਨਾਕ ਸਿੱਧ ਹੋ ਸਕਦੀ ਹੈ।
ਆਸਟ੍ਰੇਲੀਆ ਦੇ ਮੁਕਾਬਲੇਬਾਜ਼ੀ ਅਤੇ ਖਪਤਕਾਰ ਵਿਭਾਗ ਦੇ ਅੰਕੜਿਆਂ ਅਨੁਸਾਰ ਫਰਜ਼ੀ ਫੋਨ ਕਾਲਜ਼, ਫਰਜ਼ੀ ਲੈਣ-ਦੇਣ, ਨਕਲੀ ਦਾਨ ਪੁੰਨ, ਜਾਨ ਨੂੰ ਖਤਰਾ ਜਾਂ ਧਮਕੀ, ਝੂਠੇ ਪਿਆਰ ਮੁਹੱਬਤ, ਜੂਏਬਾਜ਼ੀ ਅਤੇ ਹੋਰ ਗਲਤ ਤਰੀਕਿਆਂ ਨਾਲ ਲੋਕਾਂ ਨੂੰ ਠੱਗਣ ਦੀਆਂ ਵੱਡੀ ਗਿਣਤੀ ਵਿਚ ਸ਼ਿਕਾਇਤਾਂ ਦਰਜ ਹੋਈਆਂ ਹਨ। ਅੰਕੜਿਆਂ ਅਨੁਸਾਰ 40 ਫੀਸਦੀ ਧੋਖੇਬਾਜ਼ੀ ਫੋਨ ਕਾਲਜ਼, 31 ਫੀਸਦੀ ਈ-ਮੇਲਜ਼, 11 ਫੀਸਦੀ ਫੋਨ ਸ਼ੰਦੇਸ਼ ਅਤੇ 7 ਫੀਸਦੀ ਇੰਟਰਨੈੱਟ ਨਾਲ ਜੁੜੇ ਸੰਚਾਰ ਸਾਧਨਾਂ ਰਾਹੀਂ ਵਾਪਰੀ ਹੈ।ਇਨ੍ਹਾਂ ਧਾਂਦਲੀਆਂ ਦੇ ਸ਼ਿਕਾਰ ਲੋਕਾਂ ਨੂੰ ਬੀਤੇ ਸਾਲ 2017 ਦੌਰਾਨ ਤਕਰੀਬਨ 8 ਕਰੋੜ 93 ਲੱਖ ਆਸਟ੍ਰੇਲੀਆਈ ਡਾਲਰਾਂ ਦਾ ਨੁਕਸਾਨ ਸਹਿਣਾ ਪਿਆ ਹੈ । ਇਨ੍ਹਾਂ ਧੋਖਾਧੜੀਆਂ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ।


Related News