ਸ਼ਾਹ ਦੀ ਨਕਸਲੀਆਂ ਨੂੰ ਚਿਤਾਵਨੀ, ‘ਆਤਮਸਮਰਪਣ ਕਰੋ ਨਹੀਂ ਤਾਂ ਨਤੀਜਾ ਤੈਅ’

04/22/2024 6:30:09 PM

ਕਾਂਕੇਰ, (ਭਾਸ਼ਾ)– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਛੱਤੀਸਗੜ੍ਹ ’ਚ ਨਕਸਲੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਤਮਸਮਰਪਣ ਕਰ ਦੇਣ ਨਹੀਂ ਤਾਂ ਲੜਾਈ ਦਾ ਨਤੀਜਾ ਤੈਅ ਹੈ ਅਤੇ 2 ਸਾਲਾਂ ’ਚ ਨਕਸਲਵਾਦ ਨੂੰ ਖਤਮ ਕਰ ਦਿੱਤਾ ਜਾਵੇਗਾ। ਸ਼ਾਹ ਨਕਸਲ ਪ੍ਰਭਾਵਿਤ ਕਾਂਕੇਰ ਜ਼ਿਲੇ ਵਿਚ ਚੋਣ ਸਭਾ ਨੂੰ ਸੰਬੋਧਨ ਕਰ ਰਹੇ ਸਨ।

ਸੁਰੱਖਿਆ ਬਲਾਂ ਨੇ 16 ਅਪ੍ਰੈਲ ਨੂੰ ਕਾਂਕੇਰ ਜ਼ਿਲੇ ’ਚ ਇਕ ਮੁਕਾਬਲੇ ਵਿਚ 29 ਨਕਸਲੀਆਂ ਨੂੰ ਢੇਰ ਕਰ ਦਿੱਤਾ ਸੀ, ਜਿਨ੍ਹਾਂ ਵਿਚ 15 ਔਰਤਾਂ ਵੀ ਸ਼ਾਮਲ ਸਨ। ਸ਼ਾਹ ਨੇ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ,‘‘ਪਿਛਲੇ 10 ਸਾਲਾਂ ਦੌਰਾਨ ਨਰਿੰਦਰ ਮੋਦੀ ਨੇ ਅੱਤਵਾਦ ਨੂੰ ਖਤਮ ਕੀਤਾ। ਉਨ੍ਹਾਂ ਇਸ ਦੇਸ਼ ’ਚੋਂ ਨਕਸਲਵਾਦ ਨੂੰ ਸਮਾਪਤੀ ਦੇ ਕੰਢੇ ’ਤੇ ਲਿਆ ਦਿੱਤਾ। 5 ਸਾਲ ਤਕ ਮੁੱਖ ਮੰਤਰੀ ਰਹੇ ਭੂਪੇਸ਼ ਬਘੇਲ ਦੀ ਸਰਕਾਰ ਵਿਚ ਨਕਸਲੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਵਿਸ਼ਨੂ ਦੇਵ ਸਾਯ ਦੇ ਮੁੱਖ ਮੰਤਰੀ ਤੇ ਵਿਜੇ ਸ਼ਰਮਾ ਦੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਪਿਛਲੇ 4 ਮਹੀਨਿਆਂ ਵਿਚ ਸੁਰੱਖਿਆ ਬਲਾਂ ਨੇ 90 ਤੋਂ ਵੱਧ ਨਕਸਲੀਆਂ ਨੂੰ ਢੇਰ ਕੀਤਾ। ਇਸ ਦੇ ਨਾਲ ਹੀ 123 ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 250 ਨੇ ਆਤਮਸਮਰਪਣ ਕਰ ਦਿੱਤਾ।’’

ਸ਼ਾਹ ਨੇ ਕਿਹਾ, ‘‘ਮੋਦੀ ਜੀ ਨੇ ਦੇਸ਼ ਭਰ ’ਚੋਂ ਨਕਸਲਵਾਦ ਨੂੰ ਖਤਮ ਕੀਤਾ, ਭਾਵੇਂ ਉਹ ਆਂਧਰਾ ਪ੍ਰਦੇਸ਼ ਹੋਵੇ, ਤੇਲੰਗਾਨਾ ਹੋਵੇ, ਬਿਹਾਰ ਹੋਵੇ, ਝਾਰਖੰਡ ਹੋਵੇ ਜਾਂ ਮੱਧ ਪ੍ਰਦੇਸ਼। ਮੈਂ ਕਹਿ ਕੇ ਜਾਂਦਾ ਹਾਂ ਕਿ ਮੋਦੀ ਜੀ ਨੂੰ ਮੁੜ ਪ੍ਰਧਾਨ ਮੰਤਰੀ ਬਣਾ ਦਿਓ ਅਤੇ 2 ਸਾਲ ਦੇ ਦਿਓ। ਛੱਤੀਸਗੜ੍ਹ ’ਚੋਂ ਅਸੀਂ ਨਕਸਲਵਾਦ ਨੂੰ ਉਖਾੜ ਸੁੱਟਾਂਗੇ।’’


Rakesh

Content Editor

Related News