ਫੇਸਬੁੱਕ ਵੀਡੀਓ ਨੇ 48 ਸਾਲ ਬਾਅਦ ਪਰਿਵਾਰ ਨਾਲ ਮਿਲਾਇਆ ਸ਼ਖਸ, ਭਾਵੁਕ ਕਰ ਦੇਵੇਗੀ ਕਹਾਣੀ

01/19/2020 4:31:30 PM

ਢਾਕਾ- ਫੇਸਬੁੱਕ ਵੀਡੀਓ ਦੀ ਮਦਦ ਨਾਲ ਇਕ ਬੰਗਲਾਦੇਸ਼ੀ ਵਿਅਕਤੀ 48 ਸਾਲ ਬਾਅਦ ਆਪਣੇ ਪਰਿਵਾਰ ਨਾਲ ਮੁੜ ਮਿਲ ਸਕਿਆ ਹੈ। ਸੀਮੇਂਟ ਦਾ ਵਪਾਰ ਕਰਨ ਵਾਲੇ ਹਬੀਬੁਰ ਰਹਿਮਾਨ ਕੰਮ ਦੇ ਸਿਲਸਿਲੇ ਵਿਚ ਘਰ ਤੋਂ ਬਾਹਰ ਗਏ ਸਨ ਤੇ ਉਦੋਂ ਤੋਂ ਹੀ ਲਾਪਤਾ ਸਨ। 'ਦ ਡੇਲੀ ਸਟਾਰ' ਅਖਬਾਰ ਦੇ ਮੁਤਾਬਕ ਰਹਿਮਾਨ ਸਿਲਹਟ ਦੇ ਬਾਜਗ੍ਰਾਮ ਵਿਚ ਰਹਿੰਦੇ ਸਨ। ਜਦੋਂ ਉਹ ਲਾਪਤਾ ਹੋਏ ਤਾਂ ਉਹਨਾਂ ਦੀ ਉਮਰ 30 ਸਾਲ ਦੀ ਸੀ। ਪਰਿਵਾਰ ਨੇ ਉਹਨਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ।

ਬੀਤੇ ਸ਼ੁੱਕਰਵਾਰ ਨੂੰ ਅਮਰੀਕਾ ਵਿਚ ਰਹਿਣ ਵਾਲੇ ਹਬੀਬੁਰ ਦੇ ਵੱਡੇ ਬੇਟੇ ਦੀ ਪਤਨੀ ਨੇ ਫੇਸਬੁੱਕ 'ਤੇ ਇਕ ਵੀਡੀਓ ਦੇਖਿਆ, ਜਿਸ ਵਿਚ ਬੰਗਲਾਦੇਸ਼ ਦੇ ਇਕ ਸਰਕਾਰੀ ਹਸਪਤਾਲ ਵਿਚ ਦਾਖਲ ਮਰੀਜ਼ ਦੀ ਆਰਥਿਕ ਮਦਦ ਦੀ ਅਪੀਲ ਕੀਤੀ ਗਈ ਸੀ। ਬੇਟੇ ਦੀ ਪਤਨੀ ਨੇ ਹਬੀਬੁਰ ਨੂੰ ਦੇਖਿਆ ਤਾਂ ਨਹੀਂ ਸੀ ਪਰ ਆਪਣੇ ਪਤੀ ਤੇ ਸੱਸ ਤੋਂ ਉਹਨਾਂ ਬਾਰੇ ਸੁਣਿਆ ਸੀ। ਇਸ ਤੋਂ ਬਾਅਦ ਉਸ ਨੇ ਵੀਡੀਓ ਆਪਣੇ ਪਤੀ ਨੂੰ ਸ਼ੇਅਰ ਕੀਤੀ। ਉਹਨਾਂ ਨੇ ਬੰਗਲਾਦੇਸ਼ ਸਥਿਤ ਆਪਣੇ ਭਰਾਵਾਂ ਨਾਲ ਹਸਪਤਾਲ ਜਾ ਕੇ ਮਰੀਜ਼ ਦਾ ਪਤਾ ਲਗਾਉਣ ਲਈ ਕਿਹਾ। ਸ਼ਨੀਵਾਰ ਨੂੰ ਰਹਿਮਾਨ ਦਾ ਛੋਟਾ ਬੇਟਾ ਹਸਪਤਾਲ ਗਿਆ ਤੇ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ  ਵੀਡੀਓ ਵਿਚ ਦਿਖ ਰਿਹਾ ਵਿਅਕਤੀ ਕੋਈ ਹੋਰ ਨਹੀਂ ਬਲਕਿ ਉਸ ਦਾ ਪਿਤਾ ਹੈ। ਹਬੀਬੁਰ ਦੇ ਬੇਟੇ ਨੇ ਕਿਹਾ ਕਿ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੀ ਮਾਂ ਤੇ ਮੇਰੇ ਚਾਚਾ ਨੇ ਪਿਤਾ ਨੂੰ ਸਾਲਾਂ ਤੱਕ ਲੱਭਣ ਦੀ ਕੋਸ਼ਿਸ਼ ਕੀਤੀ। ਪਿਤਾ ਦਾ ਇੰਤਜ਼ਾਰ ਕਰਦਿਆਂ ਉਹਨਾਂ ਦੀ ਮਾਂ ਦੀ ਸਾਲ 2000 ਵਿਚ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਪਿਛਲੇ 25 ਸਾਲਾਂ ਤੋਂ ਰਹਿਮਾਨ ਮੌਲਵੀ ਬਾਜ਼ਾਰ ਦੇ ਰਾਯੋਸਰੀ ਇਲਾਕੇ ਵਿਚ ਰਹਿ ਰਹੇ ਸਨ ਤੇ ਰਜ਼ੀਆ ਬੇਗਮ ਨਾਂ ਦੀ ਮਹਿਲਾ ਉਹਨਾਂ ਦੀ ਦੇਖਭਾਲ ਕਰਦੀ ਸੀ। ਰਜ਼ੀਆ ਨੇ ਦੱਸਿਆ ਕਿ ਪਰਿਵਾਰ ਦੇ ਲੋਕਾਂ ਨੂੰ ਰਹਿਮਾਨ 1995 ਵਿਚ ਹਜ਼ਰਤ ਸ਼ਾਹਬੁਦੀਨ ਦੀ ਦਰਗਾਹ 'ਤੇ ਬੀਮਾਰ ਹਾਲਤ ਵਿਚ ਮਿਲੇ ਸਨ। ਉਹਨਾਂ ਦੀ ਹਾਲਤ ਬਹੁਤ ਖਰਾਬ ਸੀ। ਉਹ ਉਦੋਂ ਤੋਂ ਸਾਡੇ ਨਾਲ ਹਨ। ਰਜ਼ੀਆ ਬੇਗਮ ਨੇ ਕਿਹਾ ਕਿ ਰਹਿਮਾਨ ਵਧਦੀ ਉਮਰ ਨਾਲ ਸਬੰਧਿਤ ਪਰੇਸ਼ਾਨੀਆਂ ਨਾਲ ਗ੍ਰਸਤ ਸਨ ਤੇ ਕੁਝ ਦਿਨ ਪਹਿਲਾਂ ਉਹ ਪਲੰਗ ਤੋਂ ਡਿੱਗ ਗਏ ਤੇ ਉਹਨਾਂ ਦਾ ਹੱਥ ਟੁੱਟ ਗਿਆ। ਖਬਰ ਮੁਤਾਬਕ ਡਾਕਟਰਾਂ ਨੇ ਕਿਹਾ ਕਿ ਰਹਿਮਾਨ ਦਾ ਆਪ੍ਰੇਸ਼ਨ ਕਰਨਾ ਪਵੇਗਾ ਕਿਉਂਕਿ ਉਸ ਦੇ ਹੱਥ 'ਤੇ ਇੰਫੈਕਸ਼ਨ ਹੋ ਗਿਆ ਹੈ ਪਰ ਉਹਨਾਂ ਦੇ ਕੋਲ ਇਲਾਜ ਲਈ ਪੈਸੇ ਨਹੀਂ ਸਨ। ਖਬਰ ਵਿਚ ਉਹਨਾਂ ਨੇ ਦੱਸਿਆ ਕਿ ਹਸਪਤਾਲ ਦੇ ਇਕ ਮਰੀਜ਼ ਨੇ ਉਹਨਾਂ ਦੀ ਸਥਿਤੀ ਬਿਆਨ ਕਰਨ ਲਈ ਇਕ ਵੀਡੀਓ ਬਣਾਇਆ ਸੀ ਤੇ ਆਰਥਿਕ ਮਦਦ ਮੰਗੀ ਸੀ। ਬਿਹਤਰ ਇਲਾਜ ਦੇ ਲਈ ਹਬੀਬੁਰ ਦੇ ਬੇਟਿਆਂ ਨੇ ਉਹਨਾਂ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਹੈ।


Baljit Singh

Content Editor

Related News