ਫੇਸਬੁੱਕ ਦਾ ਪਾਕਿ ਫੌਜ ਦੀ ਮੀਡੀਆ ਇਕਾਈ ''ਤੇ ''ਹਮਲਾ''

04/01/2019 8:14:27 PM

ਨਵੀਂ ਦਿੱਲੀ— ਫੇਸਬੁੱਕ ਨੇ ਗਲਤ ਵਤੀਰੇ ਨੂੰ ਲੈ ਕੇ ਪਾਕਿਸਤਾਨੀ ਫੌਜ ਦੀ ਮੀਡੀਆ ਇਕਾਈ ਦੇ ਕਰਮਚਾਰੀਆਂ ਨਾਲ ਜੁੜੇ 103 ਪੇਜਾਂ, ਗਰੁੱਪਾਂ ਤੇ ਅਕਾਊਂਟਾਂ ਨੂੰ ਹਟਾ ਦਿੱਤਾ ਗਿਆ ਹੈ। ਇਸ ਸੋਸ਼ਲ ਮੀਡੀਆ ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਕੰਪਨੀ ਨੇ ਕਿਹਾ ਕਿ ਉਸ ਨੇ ਨੈੱਟਵਰਕ ਵਲੋਂ ਤਿਆਰ ਪੇਜਾਂ, ਅਕਾਊਂਟਾਂ ਤੇ ਗਰੁੱਪਾਂ ਨੂੰ ਫੇਸਬੁੱਕ ਦੀਆਂ ਨੀਤੀਆਂ ਦਾ ਉਲੰਘਣ ਕਰਨ 'ਤੇ ਹਟਾ ਦਿੱਤਾ ਗਿਆ ਹੈ। ਉਸ ਨੇ ਹਟਾਏ ਗਏ ਚਾਰ ਅਜਿਹੇ ਗਰੁੱਪਾਂ, ਅਕਾਊਂਟਾਂ ਤੇ ਪੇਜਾਂ ਦਾ ਬਿਓਰਾ ਵੀ ਸਾਂਝਾ ਕੀਤਾ ਹੈ। ਕੰਪਨੀ ਦੀ ਸਾਈਬਰ ਸਕਿਓਰਿਟੀ ਪਾਲਿਸੀ ਦੇ ਮੁਖੀ ਨਾਥਾਨਿਯਲ ਗਲੇਸਰ ਵਲੋਂ ਇਥੇ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਅੱਜ ਅਸੀਂ 103 ਪੇਜਾਂ, ਗਰੁੱਪਾਂ ਤੇ ਅਕਾਊਂਟਾਂ ਨੂੰ ਨੈੱਟਵਰਕ ਦੇ ਰੂਪ 'ਚ ਫੇਸਬੁੱਕ ਤੇ ਇੰਸਟਾਗ੍ਰਾਮ ਤੋਂ ਨਿਯਮਾਂ ਦੇ ਉਲੰਘਣ ਕਾਰਨ ਹਟਾ ਦਿੱਤਾ। ਇਹ ਨੈੱਟਵਰਕ ਪਾਕਿਸਤਾਨ 'ਚ ਸਥਿਤ ਹੈ।

ਇਹ ਅਜਿਹਾ ਮਾਮਲਾ ਹੈ, ਜਿਸ ਤਹਿਤ ਜਦੋਂ ਪੇਜ ਜਾਂ ਲੋਕਾਂ ਦੇ ਗਰੁੱਪ ਮਿਲਕੇ ਕੰਮ ਕਰਦੇ ਹਨ ਤੇ ਦੂਜਿਆਂ ਨੂੰ ਇਸ ਗੱਲ ਨੂੰ ਲੈ ਕੇ ਗੁਮਰਾਹ ਕਰਦੇ ਹਨ ਕਿ ਉਹ ਕੌਣ ਹਨ ਤੇ ਕੀ ਕਰ ਰਹੇ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਵੈਸੇ ਤਾਂ ਇਸ ਗਤੀਵਿਧੀ 'ਚ ਲੱਗੇ ਲੋਕਾਂ ਨੇ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਸਾਡੀ ਜਾਂਚ 'ਚ ਪਤਾ ਲੱਗਿਆ ਉਹ ਪਾਕਿਸਤਾਨੀ ਫੌਜ ਦੇ ਆਈ.ਐੱਸ.ਪੀ.ਆਰ. (ਇੰਟਰ ਸਰਵਿਸ ਪਬਲਿਕ ਰਿਲੇਸ਼ਨ) ਦੇ ਕਰਮਚਾਰੀਆਂ ਨਾਲ ਸਬੰਧਤ ਹਨ। ਪਾਕਿਸਤਾਨ ਦੀ ਫੌਜ ਨੇ ਤੁਰੰਤ ਇਸ ਮੁੱਦੇ 'ਤੇ ਕੋਈ ਪ੍ਰਤੀਕਿਰਿਆ ਜ਼ਾਹਿਰ ਨਹੀਂ ਕੀਤੀ ਹੈ।

ਡਾਨ ਅਖਬਾਰ ਨੇ ਗਲੇਸਰ ਦੇ ਹਵਾਲੇ ਨਾਲ ਕਿਹਾ ਹੈ ਕਿ ਇਨ੍ਹਾਂ ਪੇਜਾਂ ਨੂੰ ਇਸ ਲਈ ਹਟਾਇਆ ਗਿਆ ਕਿਉਂਕਿ ਇਹ ਫਰਜ਼ੀ ਅਕਾਊਂਟਾਂ ਦਾ ਨੈੱਟਵਰਕ ਹੈ ਤੇ ਉਹ ਆਪਣੀ ਪਛਾਣ ਲੁਕਾਉਣ ਲਈ ਉਨ੍ਹਾਂ ਦੀ ਵਰਤੋਂ ਕਰ ਰਹੇ ਹਨ ਤੇ ਅਜਿਹਾ ਦਿਖਾਇਆ ਜਾ ਰਿਹਾ ਹੈ ਕਿ ਪੇਜ ਸੁਤੰਤਰ ਹਨ, ਜਦਕਿ ਅਜਿਹਾ ਨਹੀਂ ਹੈ। ਇਕ ਅਧਿਕਾਰੀ ਨੇ ਕਿਹਾ ਕਿ ਇਹ ਪੇਜ, ਗਰੁੱਪ ਤੇ ਅਕਾਊਂਟ ਖੁਦ ਨੂੰ ਸੁਤੰਤਰ ਰੂਪ ਨਾਲ ਪੇਸ਼ ਕਰਦੇ ਹਨ ਪਰ ਅਸਲੀਅਤ 'ਚ ਇਹ ਇਕ ਤਾਲਮੇਲ ਵਾਲੀ ਮੁਹਿੰਮ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਫੇਸਬੁੱਕ ਇਹ ਨਹੀਂ ਕਹਿ ਸਕਦਾ ਕਿ ਕੀ ਇਹ ਗਤੀਵਿਧੀ ਇਸ ਸੰਗਠਨ ਦੇ ਨਿਰਦੇਸ਼ 'ਤੇ ਹੋ ਰਹੀ ਹੈ ਜਾਂ ਕਰਮਚਾਰੀ ਨਿੱਜੀ ਹੈਸੀਅਤ ਨਾਲ ਅਜਿਹਾ ਕਰ ਰਹੇ ਹਨ।


Baljit Singh

Content Editor

Related News