ਭੈਣ ਦੀ ਲਵ ਮੈਰਿਜ ਤੋਂ ਖ਼ਫ਼ਾ ਸਾਲੇ ਨੇ ਜੀਜੇ ''ਤੇ ਕੀਤਾ ਕਾਤਲਾਨਾ ਹਮਲਾ
Saturday, Apr 27, 2024 - 02:49 PM (IST)

ਤਪਾ ਮੰਡੀ (ਸ਼ਾਮ, ਗਰਗ) : ਸਥਾਨਕ ਗਲੀ ਨੰਬਰ-8 ‘ਚ ਸ਼ੁੱਕਰਵਾਰ ਦੀ ਰਾਤ 8 ਵਜੇ ਦੇ ਕਰੀਬ ਸਾਲੇ ਨੇ ਅਪਣੇ ਦੋਸਤਾਂ ਨਾਲ ਮਿਲ ਕੇ ਜੀਜੇ 'ਤੇ ਕਿਰਚਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ, ਜਿਸ ਦੌਰਾਨ ਜੀਜਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਹਸਪਤਾਲ ਤਪਾ ‘ਚ ਜੇਰੇ ਇਲਾਜ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜੇਠੂਕੇ ਨੇ ਦੱਸਿਆ ਕਿ ਉਹ ਡੇਕੋਰੇਸ਼ਨ ਦਾ ਕੰਮ ਤੁਰ-ਫਿਰ ਕੇ ਕਰਦਾ ਹੈ। ਅੱਜ ਸ਼ਾਮ 6 ਕੁ ਵਜੇ ਉਹ ਪਿੰਡ ਤੋਂ ਮੰਡੀ ‘ਚ ਘਰੇਲੂ ਸਮਾਨ ਲੈਣ ਆਇਆ ਹੋਇਆ ਸੀ ਤਾਂ ਜਦ ਉਹ ਸਮਾਨ ਲੈ ਕੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਮੋਟਰਸਾਈਕਲ 'ਤੇ ਸਵਾਰ ਤਿੰਨ ਲੋਕਾਂ ਨੇ ਮੇਰੇ ਸਰੀਰ 'ਤੇ ਕਈ ਥਾਵਾਂ 'ਤੇ ਤੇਜ਼ਧਾਰ ਕਿਰਚਾਂ ਮਾਰੀਆਂ ਅਤੇ ਮੈਨੂੰ ਗੰਭੀਰ ਰੂਪ 'ਚ ਜ਼ਖਮੀ ਕਰਕੇ ਭੱਜ ਗਏ।
ਇਸ ਤੋਂ ਬਾਅਦ ਗਲੀ ਵਾਲਿਆਂ ਦਾ ਭਾਰੀ ਇਕੱਠ ਹੋ ਗਿਆ, ਜਿਨ੍ਹਾਂ ਨੇ ਮੈਨੂੰ ਹਸਪਤਾਲ ਤਪਾ ‘ਚ ਦਾਖ਼ਲ ਕਰਵਾਇਆ ਗਿਆ। ਜੇਰੇ ਇਲਾਜ ਜ਼ਖਮੀ ਨੇ ਦੱਸਿਆ ਕਿ ਹਮਲਾਵਰਾਂ ‘ਚ ਮੇਰੇ ਸਾਲੇ ਨੇ ਅਪਣੇ ਦੋਸਤਾਂ ਨਾਲ ਮਿਲ ਕੇ ਇਹ ਕਾਰਾ ਕੀਤਾ ਹੈ। ਜ਼ਖਮੀ ਦੀ ਪਤਨੀ ਰਾਜਵੀਰ ਕੌਰ ਨੇ ਅਪਣੇ ਭਰਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੇਰੀ ਗੁਰਪ੍ਰੀਤ ਨਾਲ ਲਗਭਗ 4 ਮਹੀਨੇ ਪਹਿਲਾਂ ਲਵ ਮੈਰਿਜ ਹੋਈ ਸੀ, ਜਿਸ ਕਾਰਨ ਉਸ ਮੇਰੇ ਪਤੀ 'ਤੇ ਕਾਤਲਾਨਾ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਹੈ, ਜੋ ਇਸ ਸਮੇਂ ਬਠਿੰਡਾ ਵਿਖੇ ਦਾਖ਼ਲ ਹੈ
ਥਾਣਾ ਮੁਖੀ ਕੁਲਜਿੰਦਰ ਸਿੰਘ ਗਰੇਵਾਲ ਨਾਲ ਉਕਤ ਮਾਮਲੇ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਸਾਲੇ-ਜੀਜੇ ਦਾ ਹੈ, ਬਿਆਨ ਕਲਮਬੰਦ ਹੋਣ ਉਪਰੰਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।