ਫਰਾਂਸ ਦੇ ਮਾਰਸੇਲ ਸ਼ਹਿਰ ''ਚ ਰੂਸੀ ਕੌਂਸਲੇਟ ਦੇ ਬਾਹਰ ਧਮਾਕਾ, ਸ਼ੱਕੀ ਫਰਾਰ

Monday, Feb 24, 2025 - 05:03 PM (IST)

ਫਰਾਂਸ ਦੇ ਮਾਰਸੇਲ ਸ਼ਹਿਰ ''ਚ ਰੂਸੀ ਕੌਂਸਲੇਟ ਦੇ ਬਾਹਰ ਧਮਾਕਾ, ਸ਼ੱਕੀ ਫਰਾਰ

ਪੈਰਿਸ (ਏਜੰਸੀ)- ਫਰਾਂਸ ਦੇ ਸ਼ਹਿਰ ਮਾਰਸੇਲੀ ਵਿੱਚ ਰੂਸੀ ਕੌਂਸਲੇਟ ਦੇ ਬਾਹਰ ਸੋਮਵਾਰ ਤੜਕੇ ਇੱਕ ਅੱਗ ਲਗਾਉਣ ਦੇ ਕੰਮ ਵਿਚ ਵਰਤੇ ਜਾਣ ਵਾਲੇ ਯੰਤਰ ਵਿਚ ਧਮਾਕਾ ਹੋ ਗਿਆ। ਯੂਕ੍ਰੇਨ 'ਤੇ ਰੂਸੀ ਹਮਲੇ ਦੀ ਤੀਜੀ ਵਰ੍ਹੇਗੰਢ 'ਤੇ ਹੋਏ ਇਸ ਧਮਾਕੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਇਸ ਦੌਰਾਨ, ਇੱਕ ਦੂਜਾ ਯੰਤਰ ਵੀ ਸੁੱਟਿਆ ਗਿਆ, ਪਰ ਉਹ ਫਟਿਆ ਨਹੀਂ ਅਤੇ ਇੱਕ ਬੰਬ ਨਿਰੋਧਕ ਮਾਹਰ ਨੂੰ ਮੌਕੇ 'ਤੇ ਬੁਲਾਇਆ ਗਿਆ। ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਘਟਨਾ ਤੋਂ ਬਾਅਦ ਸ਼ੱਕੀ ਵਿਅਕਤੀ ਭੱਜ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਅਧਿਕਾਰੀਆਂ ਨੇ ਅਜੇ ਤੱਕ ਸ਼ੱਕੀ ਵਿਅਕਤੀ ਜਾਂ ਉਸ ਦੇ ਇਰਾਦੇ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਮਾਰਸੇਲ ਫਰਾਂਸ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇੱਕ ਪ੍ਰਮੁੱਖ ਮੈਡੀਟੇਰੀਅਨ ਬੰਦਰਗਾਹ ਹੈ। ਇਸ ਸ਼ਹਿਰ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਲੋਕ ਰਹਿੰਦੇ ਹਨ, ਪਰ ਇੱਥੇ ਰੂਸੀ ਭਾਈਚਾਰੇ ਦੇ ਬਹੁਤੇ ਲੋਕ ਨਹੀਂ ਰਹਿੰਦੇ। ਫਰਾਂਸ ਵਿੱਚ 2022 ਤੋਂ ਯੂਕ੍ਰੇਨ ਉੱਤੇ ਰੂਸ ਦੇ ਹਮਲੇ ਵਿਰੁੱਧ ਕਈ ਵਿਰੋਧ ਪ੍ਰਦਰਸ਼ਨ ਹੋਏ ਹਨ, ਜਿਨ੍ਹਾਂ ਵਿੱਚ ਮਾਰਸੇਲੀ, ਪੈਰਿਸ ਅਤੇ ਹੋਰ ਸ਼ਹਿਰਾਂ ਵਿੱਚ ਪ੍ਰਦਰਸ਼ਨ ਸ਼ਾਮਲ ਹਨ। ਰੂਸੀ ਵਿਦੇਸ਼ ਮੰਤਰਾਲਾ ਦੀ ਮਹਿਲਾ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਮਾਰਸੇਲ ਵਿੱਚ ਵਾਪਰੀ ਘਟਨਾ ਵਿੱਚ "ਅੱਤਵਾਦੀ ਹਮਲੇ ਦੇ ਸਾਰੇ ਸੰਕੇਤ ਹਨ।"


author

cherry

Content Editor

Related News