ਯੂਰਪੀ ਦੇਸ਼ ''ਚ ਇਹੋ ਜਿਹਾ ਹਾਲ! ਪੁਰਸ਼ਾਂ ਦੀ ਕਮੀ ਕਾਰਨ ਔਰਤਾਂ 1 ਘੰਟੇ ਲਈ ਕਿਰਾਏ ''ਤੇ ਲੈਂਦੀਆਂ ਹਨ ''ਪਤੀ''
Sunday, Dec 07, 2025 - 05:37 PM (IST)
ਵੈੱਬ ਡੈਸਕ : ਯੂਰਪ ਦੇ ਦੇਸ਼ ਲਾਤਵੀਆ 'ਚ ਮਰਦਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ, ਜਿਸ ਕਾਰਨ ਦੇਸ਼ ਵਿੱਚ ਲਿੰਗ ਅਸੰਤੁਲਨ ਵੱਧ ਰਿਹਾ ਹੈ। ਇੱਥੋਂ ਦੇ ਹਾਲਾਤ ਅਜਿਹੇ ਹੋ ਗਏ ਹਨ ਕਿ ਔਰਤਾਂ ਨੂੰ ਰੋਜ਼ਾਨਾ ਦੇ ਘਰੇਲੂ ਕੰਮਾਂ 'ਚ ਮਦਦ ਲੈਣ ਲਈ ਅਸਥਾਈ (Temporary) ‘ਪਤੀ’ ਰੱਖਣੇ ਪੈ ਰਹੇ ਹਨ।
ਅੰਕੜਿਆਂ ਦੀ ਹਕੀਕਤ
ਯੂਰੋਸਟੈਟ ਦੇ ਅਨੁਸਾਰ ਲਾਤਵੀਆ 'ਚ ਔਰਤਾਂ ਦੀ ਗਿਣਤੀ ਪੁਰਸ਼ਾਂ ਦੇ ਮੁਕਾਬਲੇ 15.5 ਫੀਸਦੀ ਜ਼ਿਆਦਾ ਹੈ। ਇਹ ਅੰਤਰ ਯੂਰਪੀ ਸੰਘ (EU) ਦੀ ਔਸਤ ਨਾਲੋਂ ਤਿੰਨ ਗੁਣਾ ਵੱਡਾ ਹੈ ਤੇ ਉਮਰ ਵਧਣ ਦੇ ਨਾਲ ਇਹ ਫਰਕ ਹੋਰ ਵੀ ਵੱਧ ਜਾਂਦਾ ਹੈ। ਲਾਤਵੀਆਈ ਔਰਤਾਂ ਆਪਣੇ ਪੁਰਸ਼ਾਂ ਨਾਲੋਂ ਔਸਤਨ 11 ਸਾਲ ਜ਼ਿਆਦਾ ਜੀਉਂਦੀਆਂ ਹਨ, ਜੋ ਯੂਰਪੀ ਸੰਘ 'ਚ ਸਭ ਤੋਂ ਵੱਡਾ ਅੰਤਰ ਹੈ।
ਕਿਰਾਏ 'ਤੇ ਮਿਲਦੇ ਹਨ 'ਪਤੀ'
ਪੁਰਸ਼ਾਂ ਦੀ ਘਾਟ ਕਾਰਨ, ਬਹੁਤ ਸਾਰੀਆਂ ਲਾਤਵੀਆਈ ਔਰਤਾਂ ਉਨ੍ਹਾਂ ਸੇਵਾਵਾਂ ਵੱਲ ਰੁਖ ਕਰ ਰਹੀਆਂ ਹਨ ਜੋ ਘਰੇਲੂ ਕੰਮਾਂ ਲਈ ਹੈਂਡੀਮੈਨ ਕਿਰਾਏ 'ਤੇ ਦਿੰਦੀਆਂ ਹਨ। Remontdarbi.lv ਵਰਗੀਆਂ ਸੇਵਾਵਾਂ ਔਰਤਾਂ ਨੂੰ ਔਨਲਾਈਨ ਜਾਂ ਫ਼ੋਨ ਰਾਹੀਂ "ਇੱਕ ਘੰਟੇ ਲਈ ਪਤੀ" (husband for an hour) ਬੁੱਕ ਕਰਨ ਦੀ ਇਜਾਜ਼ਤ ਦਿੰਦੀਆਂ ਹਨ। ਇਹ ਕਿਰਾਏ ਦੇ ਕਰਮਚਾਰੀ ਘਰ ਪਹੁੰਚ ਕੇ ਵੱਖ-ਵੱਖ ਕੰਮ ਨਿਪਟਾਉਂਦੇ ਹਨ, ਜਿਵੇਂ ਕਿ ਪਾਈਪਲਾਈਨ ਠੀਕ ਕਰਨਾ, ਤਰਖਾਣ ਦਾ ਕੰਮ, ਮੁਰੰਮਤ, ਟੀਵੀ ਇੰਸਟਾਲੇਸ਼ਨ, ਪੇਂਟਿੰਗ ਅਤੇ ਪਰਦੇ ਠੀਕ ਕਰਨਾ।
ਮਰਦਾਂ ਦੀ ਗਿਣਤੀ ਘਟਣ ਦੇ ਕਾਰਨ
ਮਾਹਿਰਾਂ ਦੇ ਅਨੁਸਾਰ, ਇਸ ਲਿੰਗ ਅਸੰਤੁਲਨ ਦਾ ਮੁੱਖ ਕਾਰਨ ਪੁਰਸ਼ਾਂ ਦੀ ਘੱਟ ਔਸਤ ਜੀਵਨ ਸੰਭਾਵਨਾ ਹੈ। ਇਸ ਦਾ ਕਾਰਨ ਜੀਵਨ ਸ਼ੈਲੀ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਅਤੇ ਜ਼ਿਆਦਾ ਸਿਗਰਟਨੋਸ਼ੀ ਹੈ। ਵਿਸ਼ਵ ਐਟਲਸ ਦੇ ਅਨੁਸਾਰ, ਲਾਤਵੀਆਈ ਪੁਰਸ਼ਾਂ ਵਿੱਚ 31 ਫੀਸਦੀ ਸਿਗਰਟਨੋਸ਼ੀ ਕਰਦੇ ਹਨ, ਜਦੋਂ ਕਿ ਔਰਤਾਂ ਵਿੱਚ ਇਹ ਸਿਰਫ਼ 10 ਫੀਸਦੀ ਹੈ। ਸਮਾਜ-ਸ਼ਾਸਤਰੀਆਂ ਦਾ ਕਹਿਣਾ ਹੈ ਕਿ ਲਿੰਗ ਅਸੰਤੁਲਨ 30 ਤੋਂ 40 ਸਾਲ ਦੀ ਉਮਰ ਦੇ ਵਿਚਕਾਰ ਸਭ ਤੋਂ ਪਹਿਲਾਂ ਦਿਖਾਈ ਦਿੰਦਾ ਹੈ, ਜਿੱਥੇ ਇਸ ਉਮਰ ਵਰਗ ਵਿੱਚ ਪੁਰਸ਼ਾਂ ਦੀ ਮੌਤ ਦਰ ਔਰਤਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਹੁੰਦੀ ਹੈ। ਪੁਰਸ਼ ਸਾਥੀ ਨਾ ਮਿਲਣ ਕਾਰਨ ਕਈ ਔਰਤਾਂ ਨੂੰ ਵਿਦੇਸ਼ਾਂ ਵਿੱਚ ਵੀ ਪਾਰਟਨਰ ਲੱਭਣ ਲਈ ਜਾਣਾ ਪੈਂਦਾ ਹੈ।
