ਮੋਰੱਕੋ 'ਚ ਭਿਆਨਕ ਹੜ੍ਹ! Safi ਸ਼ਹਿਰ 'ਚ ਘੱਟੋ-ਘੱਟ 37 ਮੌਤਾਂ, ਹੋਰ ਮੀਂਹ ਦੀ ਵੀ ਚਿਤਾਵਨੀ

Monday, Dec 15, 2025 - 06:00 PM (IST)

ਮੋਰੱਕੋ 'ਚ ਭਿਆਨਕ ਹੜ੍ਹ! Safi ਸ਼ਹਿਰ 'ਚ ਘੱਟੋ-ਘੱਟ 37 ਮੌਤਾਂ, ਹੋਰ ਮੀਂਹ ਦੀ ਵੀ ਚਿਤਾਵਨੀ

ਵੈੱਬ ਡੈਸਕ : ਮੋਰੱਕੋ ਦੇ ਐਟਲਾਂਟਿਕ ਤੱਟਵਰਤੀ ਸੂਬੇ Safi 'ਚ ਐਤਵਾਰ ਨੂੰ ਭਾਰੀ ਮੀਂਹ ਕਾਰਨ ਆਏ ਭਿਆਨਕ ਹੜ੍ਹਾਂ ਵਿੱਚ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਥਾਰਟੀਜ਼ ਮੁਤਾਬਕ, ਭਾਰੀ ਮੀਂਹ ਦੇ ਇਸ ਅਚਾਨਕ ਦੌਰ ਤੋਂ ਬਾਅਦ ਘੱਟੋ-ਘੱਟ 14 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਇੰਟੈਂਸਿਵ ਕੇਅਰ ਯੂਨਿਟ (ICU) 'ਚ ਹਨ।

ਰਾਜਧਾਨੀ ਰਬਾਤ ਤੋਂ ਲਗਭਗ 300 ਕਿਲੋਮੀਟਰ ਦੱਖਣ 'ਚ ਸਥਿਤ Safi ਸ਼ਹਿਰ ਦੇ ਇਤਿਹਾਸਕ ਪੁਰਾਣੇ ਸ਼ਹਿਰ (Historic Old City) ਵਿੱਚ ਸਿਰਫ਼ ਇੱਕ ਘੰਟੇ ਦੇ ਭਾਰੀ ਮੀਂਹ ਤੋਂ ਬਾਅਦ ਘੱਟੋ-ਘੱਟ 70 ਘਰ ਅਤੇ ਕਾਰੋਬਾਰ ਹੜ੍ਹ ਦੀ ਲਪੇਟ ਵਿੱਚ ਆ ਗਏ। ਸੋਸ਼ਲ ਮੀਡੀਆ 'ਤੇ ਆਈਆਂ ਤਸਵੀਰਾਂ 'ਚ ਦੇਖਿਆ ਗਿਆ ਕਿ ਗੰਦੇ ਪਾਣੀ ਦੇ ਤੇਜ਼ ਵਹਾਅ 'ਚ ਸੜਕਾਂ ਤੋਂ ਕਾਰਾਂ ਅਤੇ ਕੂੜੇਦਾਨਾਂ ਨੂੰ ਵਹਿ ਗਏ।

Safi ਪ੍ਰਸ਼ਾਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਭਾਵਿਤ ਖੇਤਰਾਂ ਨੂੰ ਸੁਰੱਖਿਅਤ ਕਰਨ ਅਤੇ ਨਿਵਾਸੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਸੜਕਾਂ ਨੂੰ ਨੁਕਸਾਨ ਪਹੁੰਚਣ ਕਾਰਨ ਬੰਦਰਗਾਹ ਸ਼ਹਿਰ (Port City) ਨੂੰ ਆਉਣ-ਜਾਣ ਵਾਲੇ ਕਈ ਰੂਟਾਂ 'ਤੇ ਆਵਾਜਾਈ ਵੀ ਕੱਟ ਦਿੱਤੀ ਗਈ ਹੈ। ਇਸ ਦੌਰਾਨ, Safi ਵਿੱਚ ਰਾਸ਼ਟਰੀ ਸਿੱਖਿਆ ਦੇ ਸੂਬਾਈ ਡਾਇਰੈਕਟੋਰੇਟ ਨੇ ਸਾਵਧਾਨੀ ਵਜੋਂ ਸੋਮਵਾਰ ਨੂੰ ਸਾਰੇ ਸਕੂਲਾਂ ਵਿੱਚ ਕਲਾਸਾਂ ਮੁਅੱਤਲ ਕਰ ਦਿੱਤੀਆਂ ਸਨ।

ਐਤਵਾਰ ਸ਼ਾਮ ਤੱਕ, ਪਾਣੀ ਦਾ ਪੱਧਰ ਘੱਟ ਗਿਆ ਸੀ, ਪਰ ਹੜ੍ਹ ਪੀੜਤ ਲੋਕ ਇਨ੍ਹਾਂ ਮਾੜੇ ਹਾਲਾਤਾਂ ਵਿਚ ਆਪਣਾ ਸਮਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮੌਸਮ ਸੇਵਾ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਭਰ ਵਿੱਚ ਮੰਗਲਵਾਰ ਲਈ ਹੋਰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਇਹ ਭਾਰੀ ਮੀਂਹ ਅਤੇ ਐਟਲਸ ਪਹਾੜਾਂ 'ਚ ਹੋ ਰਹੀ ਬਰਫਬਾਰੀ ਸੱਤ ਸਾਲਾਂ ਦੇ ਸੋਕੇ ਤੋਂ ਬਾਅਦ ਆਈ ਹੈ, ਜਿਸ ਕਾਰਨ ਦੇਸ਼ ਦੇ ਕੁਝ ਮੁੱਖ ਜਲ ਭੰਡਾਰ ਖਾਲੀ ਹੋ ਗਏ ਸਨ।

ਜ਼ਿਕਰਯੋਗ ਹੈ ਕਿ ਇਹ ਤਾਜ਼ਾ ਆਫ਼ਤ ਪਿਛਲੇ ਹਫਤੇ Fes ਦੇ ਇਤਿਹਾਸਕ ਸ਼ਹਿਰ 'ਚ ਦੋ ਇਮਾਰਤਾਂ ਦੇ ਢਹਿ ਜਾਣ ਤੋਂ ਤੁਰੰਤ ਬਾਅਦ ਵਾਪਰੀ ਹੈ, ਜਿਸ 'ਚ 19 ਲੋਕ ਮਾਰੇ ਗਏ ਸਨ। ਇਸ ਤੋਂ ਪਹਿਲਾਂ ਵੀ ਮੋਰੱਕੋ 'ਚ 2014, 2015 ਤੇ 2021 'ਚ ਭਾਰੀ ਮੀਂਹ ਕਾਰਨ ਹੜ੍ਹਾਂ ਕਾਰਨ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਸੀ।


author

Baljit Singh

Content Editor

Related News