ਯੂਰਪੀ ਪਾਰਲੀਮੈਂਟ ''ਚ ਲਗਾਈ ਗਈ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਪ੍ਰਦਰਸ਼ਨੀ

Sunday, Oct 20, 2019 - 10:13 AM (IST)

ਯੂਰਪੀ ਪਾਰਲੀਮੈਂਟ ''ਚ ਲਗਾਈ ਗਈ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਪ੍ਰਦਰਸ਼ਨੀ

ਰੋਮ, (ਕੈਂਥ)— ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਤ ਚੱਲ ਰਹੇ ਸਮਾਗਮਾਂ ਦੀ ਲੜੀ ਵਜੋਂ ਇੱਕ ਪ੍ਰਦਰਸ਼ਨੀ ਯੂਰਪੀ ਪਾਰਲੀਮੈਂਟ ਬਰਸਲਜ਼ ਵਿੱਚ ਲਗਾਈ ਗਈ। ਇੰਗਲੈਂਡ ਤੋਂ ਪਹਿਲੀ 'ਸਿੱਖ ਮੈਂਬਰ ਆਫ ਯੂਰਪੀਨ ਪਾਰਲੀਮੈਂਟ' ਸ੍ਰੀਮਤੀ ਨੀਨਾ ਗਿੱਲ ਦੇ ਉੱਦਮ ਸਦਕਾ 27 ਮੁਲਕਾਂ ਦੀ ਸਾਂਝੀ ਪਾਰਲੀਮੈਂਟ ਵਿੱਚ ਲਗਾਈ ਗਈ ਪ੍ਰਦਰਸ਼ਨੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਗੁਰਬਾਣੀ ਵਿੱਚ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਬਿਆਨ ਕਰਦੀਆਂ ਤਸਵੀਰਾਂ ਅਤੇ ਉਨ੍ਹਾਂ ਹੇਠ ਵਿਸਥਾਰ ਨਾਲ ਲਿਖੇ ਸੰਦੇਸ਼ਾਂ ਨੂੰ ਹਾਜਰੀਨਾਂ ਨੇ ਬਹੁਤ ਹੀ ਗੰਭੀਰਤਾ ਨਾਲ ਪੜ੍ਹਦਿਆਂ ਗੁਰੂ ਨਾਨਕ ਦੇਵ ਜੀ ਦੇ ਸਿਧਾਤਾਂ ਵਿੱਚ ਡੂੰਘੀ ਦਿਲਚਸਪੀ ਦਿਖਾਈ।

ਇਸ ਸਮੇਂ ਭਾਰਤੀ ਦੂਤਘਰ ਬਰਸਲਜ਼ ਵੱਲੋਂ ਰਾਜਦੂਤ ਸ੍ਰੀਮਤੀ ਗਾਇਤਰੀ ਈਸ਼ਰ ਕੁਮਾਰ, ਸਮਾਜ ਸੇਵਕ ਸਰਦਾਰ ਤਰਸੇਮ ਸਿੰਘ ਸ਼ੇਰਗਿੱਲ, ਸਵਿੰਦਰ ਸਿੰਘ ਢਿੱਲੋ ਅਤੇ ਬੈਲਜ਼ੀਅਮ ਦੀ ਰਾਜਨੀਤੀ ਵਿੱਚ ਸਰਗਰਮ ਆਗੂ ਪ੍ਰੀਤੀ ਕੌਰ ਬਾਠ ਹੋਰੀਂ ਹਾਜ਼ਰ ਸਨ। ਭਾਰਤੀ ਰਾਜਦੂਤ ਸ੍ਰੀਮਤੀ ਗਾਇਤਰੀ ਤੋਂ ਇਲਾਵਾ ਯੂਰਪੀ ਯੂਨੀਅਨ ਦੇ ਆਗੂਆਂ ਨੇ ਵੀ ਅਪਣੇ ਸੰਬੋਧਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੰਦਿਆਂ ਗੁਰੂ ਜੀ ਦੀ ਫਿਲਾਸਫੀ ਦੀ ਸਰਾਹਨਾ ਕੀਤੀ। ਇੰਗਲੈਂਡ 'ਤੋਂ ਆਈਆਂ ਸੰਗਤਾਂ ਨੂੰ ਰਾਤ ਦੇ ਖਾਣੇ ਦਾ ਪ੍ਰਬੰਧ ਭਾਰਤੀ ਦੂਤਘਰ ਬਰਸਲਜ਼ ਵੱਲੋਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਪ੍ਰਦਰਸ਼ਨੀ ਦਾ ਪ੍ਰਬੰਧ ਇੰਗਲੈਂਡ ਦੇ ਨਿਸ਼ਕਾਮ ਜਥੇ ਵੱਲੋਂ ਕੀਤਾ ਗਿਆ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕਲਪਿਤ ਤਸਵੀਰਾਂ ਹੇਠ ਉਨ੍ਹਾਂ ਦੇ ਜੀਵਨ ਅਤੇ ਗੁਰਬਾਣੀ ਵਿਚਲੇ ਸੰਦੇਸ਼ਾਂ ਨੂੰ ਵਿਆਖਿਆ ਸਹਿਤ ਲਿਖ ਕੇ ਵਰਨਣ ਕੀਤਾ ਹੋਇਆ ਹੈ।


Related News