ਈਰਾਨ ''ਚ ਸਰਕਾਰੀ ਅਦਾਰੇ ਦੇ ਸਾਬਕਾ ਮੁਲਾਜ਼ਮ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 3 ਲੋਕਾਂ ਦੀ ਮੌਤ
Wednesday, May 18, 2022 - 05:29 PM (IST)

ਤਹਿਰਾਨ (ਏਜੰਸੀ) : ਈਰਾਨ ਦੇ ਸਭ ਤੋਂ ਵੱਡੇ ਸਰਕਾਰੀ ਵਿੱਤੀ ਅਦਾਰੇ ਤੋਂ ਹਾਲ ਹੀ ਵਿੱਚ ਬਰਖ਼ਾਸਤ ਕੀਤੇ ਗਏ ਇੱਕ ਮੁਲਾਜ਼ਮ ਨੇ ਬੁੱਧਵਾਰ ਨੂੰ ਦੇਸ਼ ਦੇ ਪੱਛਮੀ ਹਿੱਸੇ ਵਿੱਚ ਸਥਿਤ ਆਪਣੇ ਪੁਰਾਣੇ ਦਫ਼ਤਰ ਵਿੱਚ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸਾਬਕਾ ਮੁਲਾਜ਼ਮ ਨੇ ਗੋਲੀਬਾਰੀ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਈਰਾਨੀ ਮੀਡੀਆ ਨੇ ਪੁਲਸ ਕਮਾਂਡਰ ਕਰਨਲ ਫਰਜ਼ਾਦ ਯੇਸੇਮੀ ਦੇ ਹਵਾਲੇ ਨਾਲ ਕਿਹਾ ਕਿ ਦਫ਼ਤਰ 'ਚ ਲੋਕਾਂ ਨੂੰ ਬੰਧਕ ਬਣਾਉਣ ਅਤੇ ਆਪਣੇ ਪੁਰਾਣੇ ਸਾਥੀਆਂ ਨੂੰ ਗੋਲੀ ਮਾਰਨ ਤੋਂ ਬਾਅਦ ਹਮਲਾਵਰ ਨੇ ਖੁਦ ਨੂੰ ਗੋਲੀ ਮਾਰ ਲਈ। ਜ਼ਖ਼ਮੀਆਂ 'ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਮਾਂਡਰ ਨੇ ਘਟਨਾ ਬਾਰੇ ਹੋਰ ਵੇਰਵੇ ਨਹੀਂ ਦਿੱਤੇ।