ਪੈਪਸੀਕੋ ਦੀ ਸਾਬਕਾ CEO ਇੰਦਰਾ ਨੂਈ ਨੇ US ’ਚ ਭਾਰਤੀ ਵਿਦਿਆਰਥੀਆਂ ਨੂੰ ਦਿੱਤੀ ਸਲਾਹ- ਸਾਵਧਾਨ ਰਹੋ ਤੇ ਨਸ਼ਿਆਂ ਤੋਂ ਬਚੋ
Saturday, Mar 23, 2024 - 01:59 PM (IST)
 
            
            ਨਿਊਯਾਰਕ (ਭਾਸ਼ਾ) : ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਨਾਲ ਵਾਪਰੀਆਂ ਦੁਖਦਾਈ ਅਤੇ ਚਿੰਤਾਜਨਕ ਘਟਨਾਵਾਂ ਦੇ ਦਰਮਿਆਨ ਪੈਪਸੀਕੋ ਦੀ ਸਾਬਕਾ ਸੀ.ਈ.ਓ. ਇੰਦਰਾ ਨੂਈ ਨੇ ਵਿਦਿਆਰਥੀਆਂ ਨੂੰ ਸਾਵਧਾਨ ਰਹਿਣ ਅਤੇ ਸਥਾਨਕ ਕਾਨੂੰਨਾਂ ਦਾ ਸਨਮਾਨ ਕਰਨ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਨੂੰ ਆਪਣੀ ਸੁਰੱਖਿਆ ਲਈ ਇੱਥੇ ਨਸ਼ਾ ਜਾਂ ਵੱਧ ਸ਼ਰਾਬ ਦੀ ਵਰਤੋਂ ਤੋਂ ਬਚਣ ਦੀ ਅਪੀਲ ਕੀਤੀ। ਦੁਨੀਆ ਭਰ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਉੱਦਮੀਆਂ ਵਿਚੋਂ ਇਕ ਮੰਨੀ ਜਾਂਦੀ ਨੂਈ ਨੇ 10 ਮਿੰਟ ਤੋਂ ਵੱਧ ਲੰਬੀ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਅਮਰੀਕਾ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਅਤੇ ਸਾਵਧਾਨ ਰਹਿਣ ਅਤੇ ਪ੍ਰੇਸ਼ਾਨੀ ਵਿਚ ਪਾਉਣ ਵਾਲੀਆਂ ਸਰਗਰਮੀਆਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਯੂਕ੍ਰੇਨ ਦੇ ਪ੍ਰਮੁੱਖ ਪਣਬਿਜਲੀ ਪਲਾਂਟ ਅਤੇ ਬਿਜਲੀ ਸਹੂਲਤਾਂ ’ਤੇ ਰੂਸ ਦਾ ਹਮਲਾ, 3 ਦੀ ਮੌਤ, ਬਿਜਲੀ ਬੰਦ
ਨਿਊਯਾਰਕ ’ਚ ਭਾਰਤ ਦੇ ਮਹਾਵਣਜ ਦੂਤ ਨੇ ਇਸ ਵੀਡੀਓ ਨੂੰ ‘ਐਕਸ’ ’ਤੇ ਪੋਸਟ ਕੀਤਾ। ਨੂਈ (68) ਨੇ ਵੀਡੀਓ ’ਚ ਕਿਹਾ, ‘‘ਇਸ ਵੀਡੀਓ ਨੂੰ ਰਿਕਾਰਡ ਕਰਨ ਦਾ ਮੇਰਾ ਮਕਸਦ ਉਨ੍ਹਾਂ ਸਾਰੇ ਨੌਜਵਾਨਾਂ ਨਾਲ ਗੱਲ ਕਰਨਾ ਹੈ ਜੋ ਅਮਰੀਕਾ ਆਉਣ ਬਾਰੇ ਸੋਚ ਰਹੇ ਹਨ ਜਾਂ ਪਹਿਲਾਂ ਹੀ ਇੱਥੇ ਪੜ੍ਹਾਈ ਲਈ ਆ ਚੁੱਕੇ ਹਨ, ਕਿਉਂਕਿ ਮੈਂ ਭਾਰਤੀ ਵਿਦਿਆਰਥੀਆਂ ਦੀਆਂ ਬਦਕਿਸਮਤ ਵਾਲੀਆਂ ਸਥਿਤੀਆਂ ’ਚ ਫਸਣ ਦੀਆਂ ਕਈ ਘਟਨਾਵਾਂ ਨਾਲ ਜੁੜੀਆਂ ਖ਼ਬਰਾਂ ਪੜ੍ਹ ਅਤੇ ਸੁਣ ਰਹੀ ਹਾਂ।’’ ਉਨ੍ਹਾਂ ਕਿਹਾ, ‘‘ਇਹ ਯਕੀਨੀ ਬਣਾਉਣਾ ਤੁਹਾਡੇ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਸੁਰੱਖਿਅਤ ਰਹਿਣ ਲਈ ਜੋ ਵੀ ਕਰ ਸਕਦੇ ਹੋ ਕਰੋ... ਕਾਨੂੰਨ ਦੇ ਘੇਰੇ ਵਿਚ ਰਹੋ, ਰਾਤ ਨੂੰ ਇਕੱਲੇ ਸੁੰਨਸਾਨ ਥਾਵਾਂ ’ਤੇ ਨਾ ਜਾਓ, ਕਿਰਪਾ ਕਰਕੇ ਨਸ਼ਾ ਜਾਂ ਵੱਧ ਸ਼ਰਾਬ ਪੀਣ ਤੋਂ ਬਚੋ। ਇਹ ਸਭ ਤਬਾਹੀ ਤੋਂ ਬਚਣ ਦੇ ਤਰੀਕੇ ਹਨ।”
ਇਹ ਵੀ ਪੜ੍ਹੋ: ਨਿਊਯਾਰਕ; ਕੋਕੀਨ ਅਤੇ 3 ਮਿਲੀਅਨ ਡਾਲਰ ਦੀ ਨਕਦੀ ਸਣੇ 60 ਸਾਲਾ ਸਮੱਗਲਰ ਗ੍ਰਿਫ਼ਤਾਰ
ਨੂਈ ਨੇ ਅਮਰੀਕਾ ਆਉਣ ਵਾਲੇ ਵਿਦਿਆਰਥੀਆਂ ਨੂੰ ਆਪਣੀ ਯੂਨੀਵਰਸਿਟੀ ਅਤੇ ਕੋਰਸ ਦੀ ਚੋਣ ਬੜੀ ਸਾਵਧਾਨੀ ਨਾਲ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਅਮਰੀਕਾ ਆ ਰਹੇ ਹੋ ਤਾਂ ਇੱਥੇ ਆਉਣ ਦੇ ਪਹਿਲੇ ਕੁਝ ਮਹੀਨਿਆਂ ਵਿਚ ਕਾਫੀ ਚੌਕਸ ਰਹੋ, ਖਾਸ ਕਰਕੇ ਤੁਸੀਂ ਕਿਸ ਨੂੰ ਦੋਸਤ ਬਣਾਉਂਦੇ ਹੋ, ਤੁਹਾਨੂੰ ਕਿਹੜੀਆਂ ਨਵੀਆਂ ਆਦਤਾਂ ਪੈ ਰਹੀਆਂ ਹਨ ਅਤੇ ਤੁਸੀਂ ਸੱਭਿਆਚਾਰਕ ਤਬਦੀਲੀਆਂ ਨਾਲ ਕਿਵੇਂ ਨਜਿੱਠਦੇ ਹੋ, ਕਿਉਂਕਿ ਤੁਹਾਡੇ ਲਈ ਤੁਹਾਨੂੰ ਮਿਲੀ ਆਜ਼ਾਦੀ ਦਾ ਗਲਤ ਫਾਇਦਾ ਉਠਾਉਣਾ ਅਤੇ ਇਹ ਸੋਚਣਾ ਆਸਾਨ ਹੈ ਕਿ ਤੁਹਾਨੂੰ ਹਰ ਕਿਸੇ ਚੀਜ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਬਹੁਤ ਜ਼ਿਆਦਾ ਸਾਵਧਾਨ ਰਹੋ। ਨੂਈ ਨੇ ਇਹ ਸੰਦੇਸ਼ ਅਜਿਹੇ ਸਮੇਂ ’ਚ ਦਿੱਤਾ ਹੈ ਜਦੋਂ ਅਮਰੀਕਾ ’ਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਜੁੜੇ ਕਈ ਚਿੰਤਾਜਨਕ ਮਾਮਲੇ ਸਾਹਮਣੇ ਆਏ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਭਾਰਤੀ ਅਤੇ ਭਾਰਤੀ ਮੂਲ ਦੇ ਵਿਦਿਆਰਥੀਆਂ ਦੀਆਂ ਮੌਤਾਂ ਦੇ ਕਈ ਮਾਮਲਿਆਂ ਨੇ ਭਾਈਚਾਰੇ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            