ਹਰੇਕ ਸਾਲ ਮਾਨਸਿਕ ਪਰੇਸ਼ਾਨੀ ਕਾਰਨ 8 ਲੱਖ ਲੋਕ ਕਰਦੇ ਹਨ ਖੁਦਕੁਸ਼ੀ

10/12/2019 4:44:53 PM

ਰੋਮ (ਇਟਲੀ)(ਕੈਂਥ)— ਦੁਨੀਆ 'ਚ ਵਿਰਲੇ ਲੋਕ ਹੀ ਅਜਿਹੇ ਹੋ ਸਕਦੇ ਹਨ ਜਿਹ੍ਹਾਂ ਨੂੰ ਕੋਈ ਮਾਨਸਿਕ ਪਰੇਸ਼ਾਨੀ ਨਾ ਹੋਵੇ ਨਹੀਂ ਤਾਂ ਹਰ ਬੰਦਾ ਕਿਸੇ ਨਾ ਕਿਸੇ ਮਾਨਸਿਕ ਪਰੇਸ਼ਾਨੀ 'ਚ ਉਲਝਿਆ ਹੀ ਨਜ਼ਰੀ ਆਉਂਦਾ ਹੈ। ਇਟਲੀ ਦੀ ਰਾਜਧਾਨੀ ਵਿਖੇ ਸਥਿਤ ਯੂਨੀਵਰਸਿਟੀ ਤੋਰ ਵਰਗਾਤਾ ਨੇ ਇਕ ਵਿਸ਼ੇਸ਼ ਸਰਵੇ ਕੀਤਾ ਹੈ, ਜਿਸ 'ਚ ਦੱਸਿਆ ਗਿਆ ਕਿ ਇਟਲੀ 'ਚ 30 ਲੱਖ ਲੋਕ ਮਾਨਸਿਕ ਪਰੇਸ਼ਾਨੀ ਨਾਲ ਪ੍ਰਭਾਵਿਤ ਹਨ। ਇਸ ਗਿਣਤੀ 'ਚ 20 ਲੱਖ ਔਰਤਾਂ ਸ਼ਾਮਲ ਹਨ।

10 ਅਕਤੂਬਰ ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਮੌਕੇ 'ਤੇ ਇਸ ਬਿਮਾਰੀ ਦੇ ਅੰਕੜੇ ਯੂਨੀਵਰਸਿਟੀ ਵੱਲੋਂ ਪੇਸ਼ ਕੀਤੇ ਗਏ ਹਨ। ਸਰਵੇ ਅਨੁਸਾਰ ਜਿਹੜੇ ਲੋਕ ਮਾਨਸਿਕ ਪਰੇਸ਼ਾਨੀ ਨਾਲ ਪ੍ਰਭਾਵਿਤ ਹਨ, ਉਨ੍ਹਾਂ 'ਚ 4 'ਚੋਂ 1 ਰੋਗੀ ਆਪਣੇ ਇਲਾਜ ਵੱਲ ਕੋਈ ਧਿਆਨ ਨਹੀਂ ਦਿੰਦਾ। ਇਹ ਰੋਗੀ ਇਟਲੀ ਦੀ ਆਬਾਦੀ ਦਾ 2 ਫੀਸਦੀ ਹਨ। ਇਟਲੀ 'ਚ ਜਿਹੜੇ ਲੋਕ ਮਾਨਸਿਕ ਪਰੇਸ਼ਾਨੀ ਨਾਲ ਪ੍ਰਭਾਵਿਤ ਹਨ, ਉਹ ਹਰ ਮਹੀਨੇ ਕਰੀਬ 2,612 ਯੂਰੋ ਦਾ ਨੁਕਸਾਨ ਝੱਲ ਰਹੇ ਹਨ। ਤੋਰ ਵਰਗਾਤਾ ਯੂਨੀਵਰਸਿਟੀ ਰੋਮ ਦੀ ਰਿਪੋਰਟ ਅਨੁਸਾਰ ਜੇਕਰ ਇਸ ਸਾਰੇ ਨੁਕਸਾਨ ਦਾ ਹਿਸਾਬ ਕਰੀਏ ਤਾਂ ਇਹ 4 ਅਰਬ ਯੂਰੋ ਸਾਲਾਨਾ ਬਣਦਾ ਹੈ। ਇਸ ਨੁਕਸਾਨ 'ਚ ਦਿਮਾਗੀ ਪਰੇਸ਼ਾਨੀ ਝੱਲ ਰਹੇ ਰੋਗੀਆਂ ਦੀ ਸੰਭਾਲ ਕਰਨ ਵਾਲੇ ਸਿਹਤ ਕਰਮਚਾਰੀਆਂ ਦੇ ਖਰਚੇ ਦਾ ਜ਼ਿਕਰ ਨਹੀਂ ਆਉਂਦਾ, ਜਿਹੜਾ ਅੰਦਾਜਨ 600 ਯੂਰੋ ਪ੍ਰਤੀ ਮਰੀਜ਼ ਮਹੀਨਾ ਹੈ। ਜਿਹੜੇ ਲੋਕ ਮਾਨਸਿਕ ਪਰੇਸ਼ਾਨੀ ਨਾਲ ਪ੍ਰਭਾਵਿਤ ਹਨ, ਉਨ੍ਹਾਂ 'ਚ ਹਰ ਤੀਜਾ ਵਿਅਕਤੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਯੂਨੀਵਰਸਸਿਟੀ ਨੇ ਇਹ ਸਰਵੇਖਣ 300 ਤੋਂ ਵਧੇਰੇ ਮਰੀਜ਼ਾਂ ਉੱਪਰ ਕੀਤਾ।

ਜ਼ਿਕਰਯੋਗ ਹੈ ਕਿ ਵਿਸ਼ਵ ਮਾਨਸਿਕ ਸਿਹਤ ਦਿਵਸ ਪਹਿਲੀ ਵਾਰ 10 ਅਕਤੂਬਰ 1992 ਨੂੰ ਵਰਲੱਡ ਫੈਡਰੇਸ਼ਨ ਫਾਰ ਮੈਂਟਲ ਹੈਲਥ ਵੱਲੋਂ ਡਿਪਟੀ ਸਕੱਤਰ ਜਨਰਲ ਰਿਚਰਡ ਹੰਟਰ ਦੀ ਪਹਿਲ ਕਦਮੀ ਨਾਲ ਮਨਾਇਆ ਗਿਆ ਸੀ। ਇਹ ਵਿਸ਼ਵ ਵਿਆਪੀ ਮਾਨਸਿਕ ਸਿਹਤ ਸੰਸਥਾ ਹੈ, ਜਿਹੜੀ ਕਿ 150 ਤੋਂ ਵਧ ਦੇਸ਼ਾਂ 'ਚ ਲੋਕਾਂ ਨੂੰ ਮਾਨਸਿਕ ਪਰੇਸ਼ਾਨੀ ਪ੍ਰਤੀ ਜਾਗਰੂਕ ਕਰਦੀ ਹੈ ਤੇ ਨਾਲ ਹੀ ਉਪਚਾਰ ਵੀ ਕਰਦੀ ਹੈ। ਦੁਨੀਆਂ ਭਰ 'ਚ ਮਾਨਸਿਕ ਪਰੇਸ਼ਾਨੀ ਨਾਲ 300 ਮਿਲੀਅਨ ਤੋਂ ਵਧ ਲੋਕ ਪ੍ਰਭਾਵਿਤ ਹਨ ਤੇ ਜਿਨ੍ਹਾਂ 'ਚ ਮਰਦਾਂ ਨਾਲੋਂ ਜ਼ਿਆਦਾ ਔਰਤਾਂ ਸ਼ਾਮਿਲ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਦੁਨੀਆਂ 'ਚ ਸਭ ਤੋਂ ਵੱਧ ਮਾਨਸਿਕ ਪਰੇਸ਼ਾਨੀ ਦੇ ਰੋਗੀ ਰੂਸ 'ਚ ਹਨ । ਰੂਸ ਦੀ ਆਬਾਦੀ ਦਾ 5.5 ਫੀਸਦੀ ਹਿੱਸਾ ਮਾਨਸਿਕ ਪਰੇਸ਼ਾਨੀ ਨਾਲ ਗ੍ਰਸਤ ਹੈ। ਇਹ ਰਿਪੋਰਟ ਸੰਨ 2012 'ਚ ਸਾਹਮਣੇ ਆਈ ਸੀ । ਰੂਸ 'ਚ ਕਿਸ਼ੋਰਾਂ ਵੱਲੋਂ ਮਾਨਸਿਕ ਪਰੇਸ਼ਾਨੀ ਕਾਰਨ ਖੁਦਕੁਸ਼ੀ ਕਰਨ ਦੀ ਦਰ ਦੁਨੀਆਂ ਭਰ ਤੋਂ ਤਿੰਨ ਗੁਣਾ ਜ਼ਿਆਦਾ ਹੈ। ਅਫ਼ਗਾਨਿਸਤਾਨ ਨੂੰ ਵੀ ਜ਼ਿਆਦਾ ਮਾਨਸਿਕ ਪਰੇਸ਼ਾਨੀ ਦੇ ਰੋਗੀਆਂ ਵਾਲਾ ਦੇਸ਼ ਮੰਨਿਆ ਗਿਆ ਹੈ। ਇਥੇ 5 ਨਾਗਰਿਕਾਂ 'ਚੋ ਇਕ ਮਾਨਸਿਕ ਪਰੇਸ਼ਾਨੀ ਝੱਲ ਰਿਹਾ ਹੈ। ਸਭ ਤੋਂ ਘੱਟ ਮਾਨਸਿਕ ਪਰੇਸ਼ਾਨੀ ਵਾਲਾ ਦੇਸ਼ ਜਪਾਨ ਨੂੰ ਮੰਨਿਆ ਗਿਆ ਹੈ।

ਮਾਨਸਿਕ ਪਰੇਸ਼ਾਨੀ ਕਾਰਨ ਰੋਗੀ ਬਹੁਤ ਹੀ ਦੁੱਖ ਝੱਲਦਾ ਹੈ ਤੇ ਕੰਮ, ਸਕੂਲ, ਕਾਲਜ, ਪਰਿਵਾਰ ਜਾਂ ਹੋਰ ਕਈ ਥਾਈਂ ਮਾੜੇ ਕੰਮਾਂ ਨੂੰ ਅੰਜਾਮ ਦਿੰਦਾ ਹੈ। ਮਾਨਿਸਕ ਪਰੇਸ਼ਾਨੀ ਕਾਰਨ 8 ਲੱਖ ਦੇ ਕਰੀਬ ਲੋਕ ਹਰ ਸਾਲ ਖੁਦਕੁਸ਼ੀ ਕਰਦੇ ਹਨ, ਜਿਨ੍ਹਾਂ 'ਚ ਵਧੇਰੇ 15 ਤੋਂ 29 ਸਾਲ ਦੇ ਨੌਜਵਾਨ ਹੁੰਦੇ ਹਨ । ਬੱਚਿਆਂ 'ਚ ਵੀ ਖੁਦਕੁਸ਼ੀ ਦਾ ਦੂਜਾ ਪ੍ਰਮੱਖ ਕਾਰਨ ਮਨਾਸਿਕ ਪਰੇਸ਼ਾਨੀ ਹੈ। ਮਾਨਸਿਕ ਪਰੇਸ਼ਾਨੀ ਲਈ ਦੁਨੀਆਂ 'ਚ ਮਨੋਵਿਗਿਆਨਕ ਤੇ ਫਾਰਮਾਕੋਲੋਜੀਕਲ ਇਲਾਜ ਪ੍ਰਭਾਵਸ਼ਾਲੀ ਹਨ ਪਰ ਬਹੁਤੇ ਦੇਸ਼ਾਂ 'ਚ 10 ਫੀਸਦੀ ਤੋਂ ਵੀ ਘੱਟ ਲੋਕ ਆਪਣਾ ਇਲਾਜ ਸਹੀ ਢੰਗ ਨਾਲ ਕਰਵਾਉਂਦੇ ਹਨ।


Baljit Singh

Content Editor

Related News