ਯੂਰਪੀਅਨ ਯੂਨੀਅਨ ਨੇ ਰੋਕੀ ਸਕਾਟਲੈਂਡ ਤੋਂ ਆਉਣ ਵਾਲੀ ਸਮੁੰਦਰੀ ਭੋਜਨ ਦੀ ਸਪਲਾਈ

01/14/2021 2:26:56 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰੈਗਜ਼ਿਟ ਸਮਝੌਤੇ ਤੋਂ ਬਾਅਦ ਯੂ. ਕੇ. ਅਤੇ ਯੂਰਪੀਅਨ ਯੂਨੀਅਨ ਵਿਚਕਾਰ ਕਾਫੀ ਵਪਾਰਕ ਤਬਦੀਲੀਆਂ ਆ ਗਈਆਂ ਹਨ। ਇਨ੍ਹਾਂ ਨਵੀਆਂ ਤਬਦੀਲੀਆਂ ਤਹਿਤ ਕਈ ਤਰ੍ਹਾਂ ਦੇ ਨਵੇਂ ਵਪਾਰਿਕ ਮਿਆਰ ਜਿਵੇਂ ਕਿ ਸਿਹਤ ਜਾਂਚ, ਆਈ.ਟੀ. ਪ੍ਰਣਾਲੀਆਂ ਅਤੇ ਕਸਟਮ ਦਸਤਾਵੇਜ਼ਾਂ ਦੇ ਆਧਾਰ 'ਤੇ ਯੂਰਪੀਅਨ ਯੂਨੀਅਨ ਵੱਲੋਂ ਸਕਾਟਲੈਂਡ ਦੀਆਂ ਛੋਟੀਆਂ ਕੰਪਨੀਆਂ ਤੋਂ ਲਏ ਜਾਣ ਵਾਲੇ ਸਮੁੰਦਰੀ ਭੋਜਨ ਦੀ ਦਰਾਮਦ 'ਤੇ ਸੋਮਵਾਰ 18 ਜਨਵਰੀ ਤੱਕ ਰੋਕ ਲਗਾ ਦਿੱਤੀ ਗਈ ਹੈ। 

ਇਸ ਕਾਰਵਾਈ ਕਾਰਨ ਸਕਾਟਿਸ਼ ਮੱਛੀ ਉਦਯੋਗ ਸੰਕਟ ਵਿਚ ਆ ਗਿਆ ਹੈ ਕਿਉਂਕਿ ਫਰਾਂਸ, ਸਪੇਨ ਅਤੇ ਹੋਰਨਾਂ ਦੇਸ਼ਾਂ ਵਿੱਚ ਦੁਕਾਨਾਂ ਅਤੇ ਰੈਸਟੋਰੈਂਟਾਂ ਲਈ ਜਾਣ ਵਾਲੇ ਸਮੁੰਦਰੀ ਭੋਜਨ ਅਤੇ ਮੱਛੀਆਂ ਦੇ ਸਟਾਕ ਨੂੰ ਨਵੀਂ ਪ੍ਰਕਿਰਿਆ ਕਾਰਨ ਉੱਥੇ ਪਹੁੰਚਣ ਲਈ ਲੱਗ ਰਹੇ ਜ਼ਿਆਦਾ ਸਮੇਂ ਕਾਰਨ ਅਸਵਿਕਾਰ ਕਰ ਦਿੱਤਾ ਗਿਆ ਹੈ। 

ਇਸ ਉਦਯੋਗ ਦੀ ਵੱਡੀ ਲਾਜਿਸਟਿਕ ਸਪਲਾਈ ਕੰਪਨੀ ਡੀ. ਐੱਫ. ਡੀ. ਐੱਸ. ਨੇ ਸਾਧਨਾਂ ਅਤੇ ਸਥਾਨਕ ਅਧਿਕਾਰੀਆਂ ਵਿਚਕਾਰ ਆਈ. ਟੀ. ਸਿਸਟਮ ਇੰਟਰਫੇਸ ਨਾਲ ਜੁੜੇ ਮੁੱਦਿਆਂ ਨੂੰ ਇਸ ਦੇਰੀ ਦਾ ਕਾਰਨ ਦੱਸਿਆ ਹੈ। ਬ੍ਰੈਗਜ਼ਿਟ ਦੇ ਬਾਅਦ ਨਵੇਂ ਨਿਯਮਾਂ ਅਨੁਸਾਰ ਸਮੁੰਦਰੀ ਭੋਜਨ ਅਤੇ ਮੱਛੀਆਂ ਦੇ ਹਰੇਕ ਬਕਸੇ ਨੂੰ ਟਰੱਕਾਂ ਤੋਂ ਉਤਾਰ ਕੇ ਸਕਾਟਲੈਂਡ ਛੱਡਣ ਤੋਂ ਪਹਿਲਾਂ ਸਿਹਤ ਸਰਟੀਫਿਕੇਟ ਪ੍ਰਾਪਤ ਕਰਨ ਲਈ ਮੁਆਇਨਾ ਕੀਤੇ ਜਾਣ ਦੀ ਜ਼ਰੂਰਤ ਹੈ ਅਤੇ ਇਸ ਕਾਰਵਾਈ ਨੂੰ ਪ੍ਰਤੀ ਵਾਹਨ ਤਕਰੀਬਨ ਪੰਜ ਘੰਟੇ ਲੱਗਦੇ ਹਨ। 

ਇਸ ਦੇ ਬਾਅਦ ਪ੍ਰਾਪਤ ਹੋਇਆ ਸਿਹਤ ਸਰਟੀਫਿਕੇਟ ਅੱਗੇ ਹੋਰ ਕਸਟਮਜ਼ ਕਾਗਜ਼ਾਤ ਪੂਰੇ ਕਰਨ ਲਈ ਜ਼ਰੂਰੀ ਹੈ। ਡੀ. ਐੱਫ. ਡੀ. ਐੱਸ. ਅਨੁਸਾਰ ਬ੍ਰੈਗਜ਼ਿਟ ਤੋਂ ਪਹਿਲਾ ਜਿੱਥੇ ਗਾਹਕਾਂ ਤੱਕ ਭੋਜਨ ਪਹੁੰਚਣ ਲਈ ਇਕ ਦਿਨ ਲੱਗਦਾ ਸੀ, ਹੁਣ ਉਹ ਸਮਾਂ ਵੱਧ ਕੇ ਤਕਰੀਬਨ ਤਿੰਨ ਦਿਨ ਹੋ ਗਿਆ ਹੈ ਅਤੇ ਇਸ ਦੇ ਹੱਲ ਲਈ ਵਧੀਆ ਆਈ. ਟੀ. ਪ੍ਰਣਾਲੀ ਦੇ ਨਾਲ ਵਧੇਰੇ ਸਿਖਲਾਈ ਪ੍ਰਾਪਤ ਸਟਾਫ਼ ਦੀ ਜ਼ਰੂਰਤ ਹੈ ਤਾਂ ਜੋ ਦਸਤਾਵੇਜ਼ਾਂ ਨੂੰ ਸਹੀ ਢੰਗ ਨਾਲ ਪ੍ਰਾਪਤ ਕੀਤਾ ਜਾ ਸਕੇ। ਜੇਕਰ ਇਹ ਸਮੱਸਿਆ ਜਲਦੀ ਹੱਲ ਨਹੀਂ ਹੁੰਦੀ ਤਾਂ 1 ਬਿਲੀਅਨ ਪੌਂਡ  ਤੋਂ ਵੱਧ ਦਾ ਸਕਾਟਿਸ਼ ਵਪਾਰ ਖ਼ਤਰੇ ਵਿਚ ਪੈ ਸਕਦਾ ਹੈ।


Lalita Mam

Content Editor

Related News