27 ਮਾਰਚ ਤੋਂ ਯੂਰਪ ਦੀਆਂ ਘੜੀਆਂ 1 ਘੰਟੇ ਲਈ ਹੋ ਜਾਣਗੀਆਂ ਅੱਗੇ
Friday, Mar 25, 2022 - 05:36 PM (IST)
ਰੋਮ (ਕੈਂਥ) - ਅਮਰੀਕਾ ਸਮੇਤ ਦੁਨੀਆ ਦੇ 70 ਦੇਸ਼ ਹਰ ਸਾਲ ਪਤਝੜ ਅਤੇ ਬਸੰਤ ਵਿਚ ਆਪਣੀਆਂ ਘੜੀਆਂ ਦਾ ਸਮਾਂ ਬਦਲਦੇ ਹਨ। ਇਸੇ ਤਰ੍ਹਾਂ 27 ਮਾਰਚ ਨੂੰ ਯੂਰਪ ਦੀਆਂ ਸਾਰੀਆਂ ਘੜੀਆਂ ਮੌਜੂਦਾ ਸਮੇਂ ਤੋਂ 1 ਘੰਟਾ ਅੱਗੇ ਹੋ ਜਾਣਗੀਆਂ। ਦੱਸ ਦੇਈਏ ਕਿ 2001 ਤੋਂ ਹਰ ਸਾਲ ਅਕਤੂਬਰ ਅਤੇ ਮਾਰਚ ਵਿਚ ਗਰਮੀਆਂ ਅਤੇ ਸਰਦੀਆਂ ਵਿਚ ਯੂਰਪ ਦੀਆਂ ਘੜੀਆਂ ਦਾ ਸਮਾਂ ਬਦਲਦਾ ਹੈ। ਇਨ੍ਹਾਂ ਘੜੀਆਂ ਦਾ ਸਮਾਂ ਬਦਲਣ ਤੋਂ ਭਾਵ ਸਰਦੀਆਂ ਲਈ ਘੜੀਆਂ ਦਾ ਸਮਾਂ ਅਕਤੂਬਰ ਵਿਚ 1 ਘੰਟਾ ਪਿੱਛੇ ਕਰ ਦਿੱਤਾ ਜਾਂਦਾ ਹੈ, ਜਦਕਿ ਗਰਮੀਆਂ ਲਈ ਮਾਰਚ ਵਿਚ ਘੜੀਆਂ ਦਾ ਸਮਾਂ 1 ਘੰਟਾ ਅੱਗੇ ਕਰ ਦਿੱਤਾ ਜਾਂਦਾ ਹੈ।
ਇਹ ਸਮਾਂ ਅਕਤੂਬਰ ਅਤੇ ਮਾਰਚ ਦੇ ਅਖ਼ੀਰਲੇ ਐਤਵਾਰ ਸਵੇਰੇ ਬਦਲਦਾ ਹੈ। ਹਰ ਸਾਲ ਮਾਰਚ ਮਹੀਨੇ ਦੇ ਆਖ਼ਰੀ ਐਤਵਾਰ ਸਵੇਰੇ 2 ਵਜੇ ਯੂਰਪ ਦੀਆਂ ਸਾਰੀਆਂ ਘੜੀਆਂ ਦਾ ਸਮਾਂ 1 ਘੰਟੇ ਲਈ ਅੱਗੇ ਕਰ ਦਿੱਤਾ ਜਾਂਦਾ ਹੈ। ਉਥੇ ਹੀ ਜਿਹੜੀਆਂ ਘੜੀਆਂ ਤਾਂ ਕੰਪਿਊਟਰ ਰਾਇਜ਼ਡ ਹਨ ਉਹ ਤਾਂ ਆਪਣੇ ਆਪ ਸਾਲ ਵਿਚ 1 ਵਾਰ 1 ਘੰਟੇ ਲਈ ਕਦੇ ਅੱਗੇ ਅਤੇ ਕਦੇ ਪਿੱਛੇ ਚਲੀਆਂ ਜਾਂਦੀਆਂ ਹਨ ਪਰ ਜਿਹੜੀਆਂ ਕੰਪਿਊਟਰ ਰਾਈਜ਼ਡ ਘੜੀਆਂ ਨਹੀਂ ਹਨ, ਉਨ੍ਹਾਂ ਨੂੰ ਸਭ ਲੋਕ ਆਪ ਅੱਗੇ-ਪਿੱਛੇ ਕਰ ਲੈਂਦੇ ਹਨ।