ਇੰਗਲੈਂਡ ''ਚ ਪੰਜਾਬਣ ਨੂੰ ਅਦਾਲਤ ਨੇ ਸੁਣਾਈ ਸਜ਼ਾ

10/14/2018 10:33:42 AM

ਲੰਡਨ, (ਰਾਜਵੀਰ ਸਮਰਾ)— ਇੰਗਲੈਂਡ 'ਚ ਇਕ ਪੰਜਾਬਣ ਨੂੰ ਅਦਾਲਤ ਨੇ 10 ਮਹੀਨਿਆਂ ਦੀ ਸਜ਼ਾ ਸੁਣਾਈ ਹੈ। 34 ਸਾਲਾ ਕੁਲਜੀਤ ਕੌਰ ਨੂੰ ਮੇਡਸਟੋਨ ਜੇਲ ਦੀਆਂ ਉੱਚੀਆਂ ਕੰਧਾਂ ਰਾਹੀਂ ਗੈਰ-ਕਾਨੂੰਨੀ ਪੈਕੇਟ ਸੁਟਵਾਉਣ ਦੇ ਮਾਮਲੇ 'ਚ ਸਹਿਯੋਗ ਕਰਨ ਦੇ ਦੋਸ਼ 'ਚ ਸਜ਼ਾ ਮਿਲੀ ਹੈ। ਮੇਡਸਟੋਨ ਕਰਾਊਨ ਕੋਰਟ 'ਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਜੇਲ 'ਚ ਸੁੱਟੇ ਗਏ ਗ਼ੈਰ-ਕਾਨੂੰਨੀ ਪੈਕਟਾਂ 'ਚ ਮੋਬਾਈਲ ਫੋਨ ਅਤੇ ਨਸ਼ੇ ਵੀ ਸਨ।


ਜਾਂਚ ਦੌਰਾਨ ਈਸਟ ਲੰਡਨ ਦੇ ਰੋਮਨ ਰੋਡ ਦੀ ਰਹਿਣ ਵਾਲੀ ਪੰਜਾਬਣ ਕੁਲਜੀਤ ਕੌਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ। ਜਾਣਕਾਰੀ ਮੁਤਾਬਕ ਕੁਲਜੀਤ ਕੌਰ ਆਪਣੇ ਸਾਥੀਆਂ ਨੂੰ ਜੇਲ ਤੱਕ ਕਾਰ ਚਲਾ ਕੇ ਲਿਆਉਂਦੀ ਸੀ। ਕਾਰ ਸਵਾਰ ਜੇਲ ਦੀ 20 ਫੁੱਟ ਉੱਚੀ ਕੰਧ ਉੱਤੋਂ ਸਮਾਨ ਸੁੱਟਦੇ ਸਨ, ਜਿਸ ਨੂੰ ਆਮ ਲੋਕ ਸ਼ਰ੍ਹੇਆਮ ਵੇਖਦੇ ਸਨ, ਇਹ ਕਾਰਾ 5 ਵਾਰ ਕੀਤਾ ਗਿਆ ਸੀ। ਪਿਛਲੇ ਸਾਲ 1 ਮਾਰਚ ਨੂੰ ਅਜਿਹਾ ਕਰਦਿਆਂ ਇਕ ਪੈਕਟ ਜੇਲ ਦੀਆਂ ਕੰਧਾਂ 'ਤੇ ਲੱਗੀਆਂ ਤਾਰਾਂ 'ਚ ਵੀ ਫਸ ਗਿਆ ਸੀ। ਕੁਲਜੀਤ ਕੌਰ ਦਾ ਬਚਾਅ ਕਰਦਿਆਂ ਵਕੀਲ ਕੀਰਾ ਚਾਨਾ ਨੇ ਕਿਹਾ ਕਿ ਉਹ ਇਕ ਲਾਚਾਰ ਸੀ, ਜੋ ਉਸ ਦੀ ਖਰਾਬ ਦਿਮਾਗੀ ਹਾਲਤ ਕਾਰਨ ਕਿਸੇ ਦੀ ਸਾਜ਼ਸ਼ ਦਾ ਸ਼ਿਕਾਰ ਹੋ ਗਈ ਸੀ ਪਰ ਉਸ ਨੇ ਕੋਈ ਵਿੱਤੀ ਲਾਭ ਨਹੀਂ ਲਿਆ ਸੀ।


Related News