ਥਾਈਲੈਂਡ ਰੈਸਕਿਊ: ਐਲਨ ਮਸਕ ਨੇ ਬ੍ਰਿਟਿਸ਼ ਬਚਾਅ ਕਰਮਚਾਰੀ ਤੋਂ ਮੰਗੀ ਮੁਆਫੀ

07/18/2018 4:27:37 PM

ਵਾਸ਼ਿੰਗਟਨ (ਭਾਸ਼ਾ)— ਥਾਈਲੈਂਡ ਦੀ ਗੁਫਾ 'ਚੋਂ 12 ਬੱਚਿਆਂ ਨੂੰ ਬਚਾਉਣ ਵਿਚ ਮਦਦ ਕਰਨ ਵਾਲੇ ਬ੍ਰਿਟੇਨ ਦੇ ਇਕ ਬਚਾਅ ਕਰਮਚਾਰੀ ਨੂੰ 'ਪੇਡੋ' ਕਹਿਣ 'ਤੇ ਐਲਨ ਮਸਕ ਨੇ ਮੁਆਫੀ ਮੰਗੀ ਹੈ। ਦੱਸਣਯੋਗ ਹੈ ਕਿ ਟੈਸਲਾ ਦੇ ਸੀ. ਈ. ਓ. ਮਸਕ ਨੇ ਬੁੱਧਵਾਰ ਭਾਵ ਅੱਜ ਫੁੱਟਬਾਲ ਟੀਮ 'ਵਾਈਲਡ ਬੋਰ' ਨੂੰ ਬਚਾਉਣ ਲਈ ਕੰਮ ਕਰਨ ਵਾਲੇ ਵੇਰਨੋਨ ਅਨਸਵਰਥ ਤੋਂ ਮੁਆਫੀ ਮੰਗੀ ਹੈ। ਅਨਸਵਰਥ ਨੇ ਇਕ ਛੋਟੀ ਜਿਹੀ ਪਣਡੁੱਬੀ ਦੀ ਵਰਤੋਂ ਕਰ ਕੇ ਗੁਫਾ ਵਿਚ ਫਸੇ ਹੋਏ 12 ਬੱਚਿਆਂ ਨੂੰ ਕੱਢਣ ਲਈ ਮਸਕ ਦੀ ਯੋਜਨਾ ਨੂੰ ਖਾਰਜ ਕਰ ਦਿੱਤਾ ਸੀ। 
ਮਸਕ ਨੇ ਟਵਿੱਟਰ 'ਤੇ ਮੁਆਫੀ ਮੰਗਦੇ ਹੋਏ ਲਿਖਿਆ, ''ਇਹ ਉਨ੍ਹਾਂ ਦੀ ਗਲਤੀ ਸੀ। ਦਰਅਸਲ ਅਨਸਵਰਥ ਨੇ ਥਾਈਲੈਂਡ ਦੀ ਥਾਮ ਲੁਆਂਗ ਗੁਫਾ 'ਚੋਂ ਫੁੱਟਬਾਲਰ ਟੀਮ ਦੇ ਬੱਚਿਆਂ ਨੂੰ ਬਾਹਰ ਕੱਢਣ ਲਈ ਪਣਡੁੱਬੀ ਦੀ ਮਸਕ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਅਤੇ ਇਸ ਨੂੰ 'ਪੀਆਰ ਸਟੰਟ' ਕਰਾਰ ਦਿੱਤਾ ਸੀ। ਮਸਕ ਨੇ ਇਸ ਦੇ ਜਵਾਬ ਵਿਚ ਅਨਸਵਰਥ ਨੂੰ ਨਿਸ਼ਾਨਾ ਬਣਆ ਕੇ ਕਈ ਟਵੀਟ ਕੀਤੇ ਸਨ। ਟਵੀਟ ਵਿਚ ਮਸਕ ਨੇ ਉਨ੍ਹਾਂ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਲਈ ਪੇਡੋ ਸ਼ਬਦ ਦੀ ਵਰਤੋਂ ਕੀਤੀ। 'ਪੇਡੋ' ਪੀਡੋਫਾਈਲ ਦਾ ਸੰਖੇਪ ਹੈ, ਜਿਸ ਦਾ ਅਰਥ ਬੱਚਿਆਂ ਪ੍ਰਤੀ ਕੰਮ ਭਾਵਨਾ ਰੱਖਣ ਵਾਲਾ ਹੁੰਦਾ ਹੈ।
ਜ਼ਿਕਰਯੋਗ ਹੈ ਕਿ 23 ਜੂਨ, 2018 ਨੂੰ ਥਾਈਲੈਂਡ ਦੀ ਥਾਮ ਲੁਆਂਗ ਗੁਫਾ ਅੰਦਰ ਤਕਰੀਬਨ 18 ਦਿਨ ਬਾਅਦ ਥਾਈ ਨੇਵੀ ਸੀਲ ਅਤੇ ਹੋਰ ਦੇਸ਼ਾਂ ਦੇ ਗੋਤਾਖੋਰਾਂ ਦੀ ਮਦਦ ਨਾਲ ਬੱਚਿਆਂ ਨੂੰ ਬਾਹਰ ਕੱਢਿਆ ਗਿਆ। 12 ਬੱਚੇ ਉਨ੍ਹਾਂ ਦਾ ਕੋਚ ਇਸ ਗੁਫਾ ਨੂੰ ਦੇਖਣ ਲਈ ਅੰਦਰ ਗਏ ਸਨ ਅਤੇ ਮੀਂਹ ਕਾਰਨ ਪਾਣੀ ਭਰ ਜਾਣ ਕਾਰਨ ਉਹ ਅੰਦਰ ਫਸ ਗਏ। ਗੋਤਾਖੋਰਾਂ ਨੇ ਤੰਗ ਮਾਰਗ ਤੋਂ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਅਨਸਵਰਥ ਨੇ ਬਚਾਅ ਕਰਮਚਾਰੀਆਂ ਨੂੰ ਗੁਫਾ ਦਾ ਮਾਨਚਿੱਤਰ ਉਪਲੱਬਧ ਕਰਵਾਇਆ ਅਤੇ ਉਨ੍ਹਾਂ ਨੂੰ ਗੁਫਾ ਦੇ ਅੰਦਰ ਦੇ ਹਲਾਤਾਂ ਤੋਂ ਜਾਣੂ ਕਰਵਾਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮਸਕ ਦੇ ਇਸ ਯੰਤਰ ਦੀ ਹੁਣ ਕੋਈ ਲੋੜ ਨਹੀਂ ਹੈ।


Related News