ਭਾਰਤ ਦਾ ਦੌਰਾ ਮੁਲਤਵੀ ਕਰਕੇ ਚੁੱਪ-ਚੁਪੀਤੇ ਚੀਨ ਪੁੱਜੇ ਐਲਨ ਮਸਕ, ਕਿਹਾ– ‘ਕਾਰਾਂ ਨੂੰ ਹਰ ਥਾਂ ਜਾਣ ਦੀ ਇਜਾਜ਼ਤ ਮਿਲੇ’
Monday, Apr 29, 2024 - 02:57 AM (IST)
ਬੀਜਿੰਗ (ਏਜੰਸੀਆਂ, ਇੰਟ.)– ਇਕ ਹੈਰਾਨੀਜਨਕ ਘਟਨਾਕ੍ਰਮ ’ਚ ਅਮਰੀਕੀ ਅਰਬਪਤੀ ਐਲਨ ਮਸਕ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ‘ਰੁਝੇਵਿਆਂ’ ਦਾ ਹਵਾਲਾ ਦਿੰਦਿਆਂ ਭਾਰਤ ਦਾ ਦੌਰਾ ਮੁਲਤਵੀ ਕਰ ਦਿੱਤਾ ਸੀ, ਐਤਵਾਰ ਨੂੰ ਅਚਾਨਕ ਬੀਜਿੰਗ ਪਹੁੰਚ ਗਏ।
ਪਤਾ ਲੱਗਾ ਹੈ ਕਿ ਮਸਕ ਨੇ ਸੰਵੇਦਨਸ਼ੀਲ ਤੇ ਰਣਨੀਤਕ ਡਾਟਾ ਦੀ ਉਲੰਘਣਾ ਦੇ ਡਰ ਕਾਰਨ ਚੀਨ ਦੇ ਕੁਝ ਸੰਵੇਦਨਸ਼ੀਲ ਖ਼ੇਤਰਾਂ ’ਚ ਟੈਸਲਾ ਵਾਹਨਾਂ ਦੀ ਆਵਾਜਾਈ ਤੇ ਪਾਰਕਿੰਗ ਤੋਂ ਸਾਰੀਆਂ ਪਾਬੰਦੀਆਂ ਨੂੰ ਹਟਾਉਣ ਬਾਰੇ ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਤੇ ਅਧਿਕਾਰੀਆਂ ਨਾਲ ਚਰਚਾ ਕੀਤੀ। ਚੀਨੀ ਸਰਕਾਰ ਨੂੰ ਡਰ ਹੈ ਕਿ ਟੈਸਲਾ ਦੀਆਂ ਅਤਿ-ਆਧੁਨਿਕ ਈ. ਵੀ. ਕਾਰਾਂ ਆਪਣੇ ਆਲੇ-ਦੁਆਲੇ ਦੇ ਸੰਵੇਦਨਸ਼ੀਲ ਡਾਟਾ ਨੂੰ ਇਕੱਠਾ ਕਰਨ ਦੇ ਸਮਰੱਥ ਹਨ ਤੇ ਇਹੀ ਪਾਬੰਦੀ ਦਾ ਮੁੱਖ ਕਾਰਨ ਹੈ।
ਚੀਨ ’ਚ ਟੈਸਲਾ ਕਾਰ ਡਰਾਈਵਰਾਂ ਨੂੰ ਅਮਰੀਕਾ ਨਾਲ ਵਧਦੀਆਂ ਸੁਰੱਖਿਆ ਚਿੰਤਾਵਾਂ ਕਾਰਨ ਸਰਕਾਰ ਨਾਲ ਸਬੰਧਤ ਇਮਾਰਤਾਂ ’ਚ ਦਾਖ਼ਲ ਹੋਣ ਲਈ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਰਿਪੋਰਟ ਮੁਤਾਬਕ ਦੇਸ਼ ਭਰ ’ਚ ਅਜਿਹੇ ਮੀਟਿੰਗ ਹਾਲਾਂ ਤੇ ਪ੍ਰਦਰਸ਼ਨੀ ਕੇਂਦਰਾਂ ਦੀ ਗਿਣਤੀ ਵੱਧ ਰਹੀ ਹੈ, ਜੋ ਟੈਸਲਾ ਵਾਹਨਾਂ ਨੂੰ ਐਂਟਰੀ ਦੇਣ ਤੋਂ ਇਨਕਾਰ ਕਰ ਰਹੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪਹਿਲਾਂ ਟੈਸਲਾ ਵਾਹਨਾਂ ’ਤੇ ਪਾਬੰਦੀ ਸਿਰਫ਼ ਫੌਜੀ ਟਿਕਾਣਿਆਂ ਤਕ ਸੀਮਤ ਸੀ। ਧਿਆਨਯੋਗ ਹੈ ਕਿ ਟੈਸਲਾ ਦੇ ਇਲੈਕਟ੍ਰਿਕ ਵਾਹਨ ਜਾਂ ਈ. ਵੀ. ਨੇ ਚੀਨ ’ਚ ਇਕ ਅਧਿਕਾਰਤ ਰਾਸ਼ਟਰੀ ਡਾਟਾ ਨਿਰੀਖਣ ਪਾਸ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਦੁਬਈ ’ਚ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਹਵਾਈ ਅੱਡਾ, ਲਾਗਤ ‘2 ਲੱਖ 91 ਹਜ਼ਾਰ ਕਰੋੜ ਰੁਪਏ’
ਇਥੇ ਹੈਰਾਨੀ ਦੀ ਗੱਲ ਇਹ ਹੈ ਕਿ ਐਲਨ ਮਸਕ ਦਾ ਚੀਨ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਭਾਰਤ ਦਾ ਦੌਰਾ ਮੁਲਤਵੀ ਕਰ ਦਿੱਤਾ ਸੀ। ਮਸਕ ਵਲੋਂ ਦੌਰੇ ਨੂੰ ਮੁਲਤਵੀ ਕਰਨ ਦੀ ਜਾਣਕਾਰੀ 20 ਅਪ੍ਰੈਲ ਨੂੰ ਸਾਹਮਣੇ ਆਈ ਸੀ। ਮਸਕ ਆਪਣੇ ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਵਾਲੇ ਸਨ। ਇਸ ਬੈਠਕ ’ਚ ਭਾਰਤੀ ਬਾਜ਼ਾਰ ’ਚ ਟੈਸਲਾ ਦੀ ਐਂਟਰੀ ਬਾਰੇ ਵੀ ਚਰਚਾ ਹੋਣੀ ਸੀ। ਭਾਰਤ ’ਚ ਇਲੈਕਟ੍ਰਿਕ ਵਾਹਨਾਂ ਦਾ ਬਾਜ਼ਾਰ ਵੀ ਤੇਜ਼ੀ ਨਾਲ ਵੱਧ ਰਿਹਾ ਹੈ।
ਚੀਨ ’ਚ ਟੈਸਲਾ ਕਾਰਾਂ ਨੂੰ ਚਾਇਨੀਜ਼ ਈ. ਵੀ. ਤੋਂ ਮਿਲ ਰਹੀ ਸਖ਼ਤ ਟੱਕਰ, ਘਟਾਉਣੀਆਂ ਪਈਆਂ ਕੀਮਤਾਂ
ਐਲਨ ਮਸਕ ਦੀ ਚੀਨ ਯਾਤਰਾ ਅਜਿਹੇ ਸਮੇਂ ’ਚ ਹੈ, ਜਦੋਂ ਚੀਨ ’ਚ ਉਨ੍ਹਾਂ ਦੀਆਂ ਟੈਸਲਾ ਕਾਰਾਂ ਨੂੰ ਸਥਾਨਕ ਈ. ਵੀ. ਦੀ ਵਧਦੀ ਵਿਕਰੀ ਤੋਂ ਖ਼ਤਰਾ ਹੈ। ਪਿਛਲੇ ਕੁਝ ਸਾਲਾਂ ’ਚ ਟੈਸਲਾ ਨੂੰ ਚਾਇਨੀਜ਼ ਈ. ਵੀ. ਨਿਰਮਾਤਾਵਾਂ ਕੋਲੋਂ ਸਖ਼ਤ ਟੱਕਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੈਸਲਾ ਨੇ ਚੀਨ ਦੀ ਪ੍ਰੀਮੀਅਮ ਈ. ਵੀ. ਸੈਗਮੈਂਟ ’ਚ ਆਪਣੀ ਮੋਹਰੀ ਸਥਿਤੀ ਬਰਕਰਾਰ ਰੱਖਣ ਲਈ ਆਪਣੇ ਸ਼ੰਘਾਈ ’ਚ ਬਣੇ ਵਾਹਨਾਂ ਦੀਆਂ ਕੀਮਤਾਂ ’ਚ 6 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਹੈ।
ਜਾਣਕਾਰਾਂ ਦਾ ਕਹਿਣਾ ਹੈ ਕਿ ਚੀਨ ’ਚ ਟੈਸਲਾ ਦੀਆਂ ਈ. ਵੀ. ਕਾਰਾਂ ਨੂੰ ਟੱਕਰ ਮਿਲਣ ਕਾਰਨ ਮਸਕ ਭਾਰਤ ਨੂੰ ਇਕ ਨਵੇਂ ਬਾਜ਼ਾਰ ਵਜੋਂ ਦੇਖ ਰਹੇ ਹਨ, ਜਿਸ ਕਾਰਨ ਉਹ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਸਨ। ਉਹ ਜਲਦੀ ਹੀ ਭਾਰਤ ਆਉਣ ਦੀ ਯੋਜਨਾ ਦਾ ਐਲਾਨ ਕਰ ਸਕਦੇ ਹਨ। ਭਾਰਤ ਦੌਰੇ ਨੂੰ ਮੁਲਤਵੀ ਕਰਨ ਬਾਰੇ ਐਲਨ ਮਸਕ ਨੇ ਕਿਹਾ ਸੀ, ‘‘ਬਦਕਿਸਮਤੀ ਨਾਲ ਟੈਸਲਾ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਕਾਰਨ ਭਾਰਤ ਦੀ ਯਾਤਰਾ ਨੂੰ ਮੁਲਤਵੀ ਕਰਨਾ ਪਿਆ ਪਰ ਮੈਂ ਇਸ ਸਾਲ ਦੇ ਅੰਤ ’ਚ ਉਥੇ ਜਾਣ ਲਈ ਉਤਸ਼ਾਹਿਤ ਹਾਂ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।