ਪੋਲਾਰਡ ਨੇ ਹਾਰ ਤੋਂ ਬਾਅਦ ਪੰਡਯਾ ਦਾ ਕੀਤਾ ਬਚਾਅ
Monday, Apr 15, 2024 - 07:44 PM (IST)
ਮੁੰਬਈ, (ਭਾਸ਼ਾ)– ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ੀ ਕੋਚ ਕੀਰੋਨ ਪੋਲਾਰਡ ਟੀਮ ਦੀ ਹਾਰ ਲਈ ਵਿਸ਼ੇਸ਼ ਵਿਅਕਤੀਆਂ ਨੂੰ ਦੋਸ਼ੀ ਠਹਿਰਾਉਣ ਵਾਲੇ ਲੋਕਾਂ ਤੋਂ ‘ਪ੍ਰੇਸ਼ਾਨ ਹੈ ਤੇ ਤੰਗ ਆ ਚੁੱਕਾ ਹੈ’ ਤੇ ਉਸ ਨੇ ਇੰਡੀਅਨ ਪ੍ਰੀਮੀਅਰ ਲੀਗ ਮੈਚ ਵਿਚ ਚੇਨਈ ਸੁਪਰ ਕਿੰਗਜ਼ ਵਿਰੁੱਧ ਹਾਰ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ ਕਰ ਰਹੇ ਕਪਤਾਨ ਹਾਰਦਿਕ ਪੰਡਯਾ ਨੂੰ ਨਿਸ਼ਾਨਾ ਨਾ ਬਣਾਉਣ।
ਪੋਲਾਰਡ ਨੇ ਕਿਹਾ,‘‘ਤੁਹਾਨੂੰ ਇਸ ਤਰ੍ਹਾਂ ਦੇ ਦਿਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂ ਨਿੱਜੀ ਤੌਰ ’ਤੇ ਖਿਡਾਰੀਆਂ ’ਤੇ ਨਿਸ਼ਾਨਾ ਵਿੰਨ੍ਹਣ ਤੋਂ ਤੰਗ ਆ ਚੁੱਕਾ ਹਾਂ। ਆਖਿਰ ਕ੍ਰਿਕਟ ਇਕ ਟੀਮ ਖੇਡ ਹੈ। ਉਹ (ਪੰਡਯਾ) ਇਕ ਆਤਮਵਿਸ਼ਵਾਸੀ ਵਿਅਕਤੀ ਹੈ। ਟੀਮ ਦੇ ਸਾਥੀਆਂ ਦੇ ਨਾਲ ਉਸਦੇ ਸਬੰਧ ਚੰਗੇ ਹਨ। ਕ੍ਰਿਕਟ ਵਿਚ ਤੁਹਾਡੇ ਚੰਗੇ ਦਿਨ ਵੀ ਆਉਂਦੇ ਹਨ ਤੇ ਬੁਰੇ ਵੀ। ਮੈਂ ਇਕ ਅਜਿਹੇ ਵਿਅਕਤੀ ਨੂੰ ਦੇਖ ਰਿਹਾ ਹਾਂ ਜਿਹੜਾ ਆਪਣੀ ਕਲਾ ਨੂੰ ਜਾਰੀ ਰੱਖਣ ਤੇ ਆਪਣੀ ਸਮਰੱਥਾ ਦਿਖਾਉਣ ਲਈ ਸਖਤ ਮਿਹਨਤ ਕਰ ਰਿਹਾ ਹੈ।’’