ਇਕਵਾਡੋਰ : ਕੋਰੋਨਾ ਟੈਸਟ ਕਰਵਾਉਣ ਲਈ ਲੰਬੀਆਂ ਕਤਾਰਾਂ ''ਚ ਲੱਗੇ ਲੋਕ
Wednesday, Jul 29, 2020 - 05:20 PM (IST)
ਕਵੀਟੋ- ਇਕਵਾਡੋਰ ਦੀ ਰਾਜਧਾਨੀ ਵਿਚ ਮੰਗਲਵਾਰ ਨੂੰ ਸਾਹ ਦੀ ਬੀਮਾਰੀ ਨਾਲ ਜੂਝਣ ਵਾਲੇ ਸੈਂਕੜੇ ਲੋਕ ਲੰਬੀਆਂ ਕਤਾਰਾਂ ਵਿਚ ਘੰਟਿਆਂ ਤੱਕ ਜਾਂਚ ਤੇ ਇਲਾਜ ਕਰਵਾਉਣ ਲਈ ਇੰਤਜ਼ਾਰ ਕਰਦੇ ਦੇਖੇ ਗਏ।
ਕੋਰੋਨਾ ਵਾਇਰਸ ਜਾਂਚ ਕਰਾਉਣ ਆਏ ਇਨ੍ਹਾਂ ਮਰੀਜ਼ਾਂ ਦੀ ਗਿਣਤੀ ਵੱਧ ਹੈ ਤੇ ਕਵੀਟੋ ਦੇ ਹਸਪਤਾਲਾਂ ਵਿਚ ਥਾਂ ਨਹੀਂ ਹੈ। ਇਸ ਤਰ੍ਹਾਂ ਮ੍ਰਿਤਕਾਂ ਦੀ ਗਿਣਤੀ ਵੀ ਵੱਧ ਹੈ ਪਰ ਸੰਸਕਾਰ ਕਰਨ ਲਈ ਥਾਂ ਘੱਟ ਪੈ ਰਹੀ ਹੈ। ਸ਼ਹਿਰ ਦੇ ਅਧਿਕਾਰੀਆਂ ਮੁਤਾਬਕ ਹੁਣ ਤੱਕ ਇੱਥੇ ਵਾਇਰਸ ਦੇ 12,747 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਮਹਾਮਾਰੀ ਨਾਲ 605 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮਹਾਮਾਰੀ ਦੀ ਗੰਭੀਰਤਾ ਦੇ ਮੱਦੇਨਜ਼ਰ ਸਮਾਜਕ ਦੂਰੀ ਦਾ ਪਾਲਣ ਕਰਦੇ ਹੋਏ ਲੋਕ ਹਸਪਤਾਲਾਂ ਦੇ ਬਾਹਰ 4-4 ਘੰਟਿਆਂ ਤੱਕ ਲੰਬੀਆਂ ਕਤਾਰਾਂ ਬਣਾ ਕੇ ਖੜ੍ਹੇ ਹੋ ਕੇ ਜਾਂਚ ਕਰਵਾ ਰਹੇ ਹਨ। ਸਿਹਤ ਮੰਤਰੀ ਯੁਆਨ ਕਾਰਲੋਸ ਨੇ ਕਿਹਾ ਕਿ ਕਵੀਟੋ ਗੰਭੀਰ ਸਥਿਤੀ ਵਿਚ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਬਿਸਤਰਿਆਂ ਦੀ ਮੰਗ ਬਹੁਤ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਲਾਤੀਨੀ ਅਮਰੀਕਾ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਬੁਰੀ ਸਥਿਤੀ ਵਿਚ ਹਾਂ। ਪੂਰੇ ਇਕਵਾਡੋਰ ਵਿਚ ਫਰਵਰੀ ਤੋਂ ਹੁਣ ਤੱਕ ਕੋਰੋਨਾ ਵਾਇਰਸ ਦੇ 82,279 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਅਧਿਕਾਰਕ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਨਾਲ 5,584 ਲੋਕਾਂ ਦੀ ਮੌਤ ਹੋ ਚੁੱਕੀ ਹੈ।