ਦੇਰ ਨਾਲ ਖਾਣਾ ਖਾਣ ਕਾਰਣ ਵਧ ਜਾਂਦੈ ਦਿਲ ਦੀ ਬੀਮਾਰੀ ਦਾ ਖਤਰਾ

11/19/2019 10:01:43 PM

ਲੰਦਨ (ਇੰਟ.)– ਦਿਲ ਦੀਆਂ ਬੀਮਾਰੀਆਂ ਦਾ ਜੋਖਮ ਸਿਰਫ ਇਸ ’ਤੇ ਨਿਰਭਰ ਨਹੀਂ ਹੁੰਦਾ ਕਿ ਤੁਸੀਂ ਕੀ ਖਾਂਦੇ ਹੋ, ਸਗੋਂ ਖਾਣ ਦਾ ਸਮਾਂ ਵੀ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਕ ਖੋਜ ਅਨੁਸਾਰ ਜੋ ਮਹਿਲਾਵਾਂ ਸ਼ਾਮ ਨੂੰ 6 ਵਜੇ ਤੋਂ ਬਾਅਦ ਰਾਤ ਦਾ ਖਾਣਾ ਖਾਂਦੀਆਂ ਹਨ, ਉਨ੍ਹਾਂ ਨੂੰ ਦਿਲ ਸਬੰਧੀ ਬੀਮਾਰੀਆਂ ਹੋਣ ਦਾ ਖਤਰਾ ਵੱਧ ਹੁੰਦਾ ਹੈ। ਇਕ ਹਾਲੀਆ ਖੋਜ ’ਚ ਇਹ ਖੁਲਾਸਾ ਹੋਇਆ ਹੈ। ਜੋ ਲੋਕ ਦੇਰ ਨਾਲ ਖਾਣਾ ਖਾਂਦੇ ਹਨ, ਉਨ੍ਹਾਂ ’ਚ ਹਾਈ ਬਲੱਡ ਪ੍ਰੈਸ਼ਰ , ਹਾਈ ਬੀ.ਐੱਮ.ਆਈ. ਅਤੇ ਬਲੱਡ ਸ਼ੂਗਰ ’ਤੇ ਖਰਾਬ ਕੰਟਰੋਲ ਹੁੰਦਾ ਹੈ।

ਕੋਲੰਬੀਆ ਯੂਨੀਵਰਸਿਟੀ ’ਚ ਹੋਈ ਖੋਜ ’ਚ 112 ਮਹਿਲਾਵਾਂ ’ਤੇ ਖੋਜ ਕੀਤੀ ਗਈ। ਇਸ ਖੋਜ ਅਨੁਸਾਰ ਸ਼ਾਮ ਨੂੰ ਜਲਦੀ ਖਾਣਾ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਕੀਤਾ ਜਾ ਸਕਦਾ ਹੈ। ਦਿਲ ਦੀ ਸਿਹਤ ਨੂੰ ਮਾਪਣ ਲਈ ਅਮਰੀਕਨ ਹਾਰਟ ਐਸੋਸੀਏਸ਼ਨ ਲਾਈਫ ਨੇ 7 ਕਾਰਕਾਂ ਦੀ ਵਰਤੋਂ ਕੀਤੀ। ਇਨ੍ਹਾਂ ’ਚ ਸਿਗਰਟਨੋਸ਼ੀ ਨਾ ਕਰਨਾ, ਸਰਗਰਮ ਰਹਿਣਾ, ਵਧੀਆ ਆਹਾਰ ਖਾਣਾ, ਪਤਲੇ ਰਹਿਣਾ, ਘੱਟ ਕੋਲੈਸਟ੍ਰੋਲ, ਘੱਟ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਦੇ ਪੱਧਰ ’ਚ ਕੰਟਰੋਲ ਰੱਖਣਾ ਆਦਿ ਸ਼ਾਮਲ ਹੈ। ਖੋਜਾਂ ’ਚ ਹਮੇਸ਼ਾ ਇਹ ਦੱਸਿਆ ਗਿਆ ਹੈ ਕਿ ਜੋ ਇਨ੍ਹਾਂ ਕਾਰਕਾਂ ਨੂੰ ਧਿਆਨ ’ਚ ਰੱਖ ਕੇ ਸਿਹਤਮੰਦ ਜੀਵਨ ਜਿਊਂਦੇ ਹਨ, ਉਨ੍ਹਾਂ ’ਚ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।

ਇਸ ਤਰ੍ਹਾਂ ਕੀਤੀ ਖੋਜ
ਇਸ ਖੋਜ ’ਚ ਸਾਰੇ ਸ਼ਾਮਲ ਲੋਕਾਂ ਦੀ ਉਮਰ 33 ਸਾਲ ਸੀ। ਸਾਰਿਆਂ ਨੂੰ ਖੋਜ ਦੀ ਸ਼ੁਰੂਆਤ ’ਚ ਹੈਲਥ ਸਕੋਰ ਦਿੱਤਾ ਗਿਆ। ਉਨ੍ਹਾਂ ਨੇ ਫੂਡ ਡਾਇਰੀ ’ਚ ਦਰਜ ਕੀਤਾ ਕਿ ਉਨ੍ਹਾਂ ਨੇ ਕੀ ਖਾਧਾ ਅਤੇ ਕਦੋਂ ਖਾਧਾ। ਅਜਿਹਾ ਉਨ੍ਹਾਂ ਨੇ ਖੋਜ ਸ਼ੁਰੂ ਹੋਣ ਦੇ ਇਕ ਹਫਤੇ ਦੇ ਅੰਦਰ ਅਤੇ ਖੋਜ ਖਤਮ ਹੋਣ ਤੋਂ ਇਕ ਹਫਤੇ ਪਹਿਲਾਂ ਕੀਤਾ। ਖੋਜ ਅਨੁਸਾਰ ਸ਼ਾਮ 6 ਵਜੇ ਤੋਂ ਬਾਅਦ ਖਾਣਾ ਖਾਣ ਨਾਲ ਦਿਲ ਦੀ ਸਿਹਤ ਠੀਕ ਨਹੀਂ ਰਹਿੰਦੀ, ਜਿਨ੍ਹਾਂ ਮਹਿਲਾਵਾਂ ਨੇ ਇਸ ਸਮੇਂ ਤੋਂ ਬਾਅਦ ਜ਼ਿਆਦਾ ਕੈਲੋਰੀ ਦਾ ਸੇਵਨ ਕੀਤਾ, ਉਨ੍ਹਾਂ ਦਾ ਬਲੱਡ ਪ੍ਰੈਸ਼ਰ ਜ਼ਿਆਦਾ ਸੀ। ਇਨ੍ਹਾਂ ਮਹਿਲਾਵਾਂ ਦਾ ਭਾਰ ਵੱਧ ਸੀ ਅਤੇ ਬਲੱਡ ਸ਼ੂਗਰ ਨੂੰ ਠੀਕ ਤਰ੍ਹਾਂ ਨਾਲ ਕੰਟਰੋਲ ਨਹੀਂ ਕਰ ਪਾ ਰਹੀ ਸੀ। ਇਹ ਦੋਵੇਂ ਹੀ ਦਿਲ ਦੀਆਂ ਬੀਮਾਰੀਆਂ ਦਾ ਸਭ ਤੋਂ ਵੱਡਾ ਕਾਰਣ ਹੈ।


Sunny Mehra

Content Editor

Related News