ਪਾਕਿਸਤਾਨ: ਹਿੰਦੂ ਕੁੜੀ ਦੇ ਜ਼ਬਰਦਸਤੀ ਧਰਮ ਪਰਿਵਰਤਣ ਨੂੰ ਲੈ ਕੇ ਡਿਪਲੋ ਸ਼ਹਿਰ 'ਚ ਕਾਰੋਬਾਰ ਬੰਦ
Tuesday, Apr 18, 2023 - 04:28 PM (IST)
ਗੁਰਦਾਸਪੁਰ/ਪਾਕਿਸਤਾਨ(ਵਿਨੋਦ)- ਪਾਕਿਸਤਾਨ ਦੇ ਥਾਰਪਾਰਕਰ ਇਲਾਕੇ ਦੇ ਡਿਪਲੋ ਕਸਬੇ ’ਚ ਅੱਜ ਸਾਰਾ ਕਾਰੋਬਾਰ ਲੋਕਾਂ ਨੇ ਇਕ ਹਿੰਦੂ ਕੁੜੀ ਦੇ ਜ਼ਬਰਦਸਤੀ ਧਰਮ ਪਰਿਵਰਤਣ ਦੇ ਵਿਰੋਧ 'ਚ ਬੰਦ ਕੀਤਾ ਹੈ। ਹੜਤਾਲ ਦਾ ਸੱਦਾ ਨੌਜਵਾਨ ਇਤੇਹਾਦ ਵੱਲੋਂ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ ਬੀਤੇ ਦਿਨੀਂ ਡਿਪਲੋ ਵਾਸੀ ਇਕ ਕੁੜੀ ਸੁਮਨ ਲੋਹਾਨਾ ਨੂੰ ਅਗਵਾ ਕਰਕੇ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਣ ਕਰਕੇ ਮੁਲਜ਼ਮ ਵਿਅਕਤੀ ਨਾਲ ਹੀ ਨਿਕਾਹ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਨੌਜਵਾਨਾਂ ਲਈ ਮਿਸਾਲ ਬਣਿਆ ਗੁਰਦਾਸਪੁਰ ਦਾ ਅੰਮ੍ਰਿਤਬੀਰ ਸਿੰਘ, ਚੜ੍ਹਦੀ ਜਵਾਨੀ ਮਾਰੀਆਂ ਵੱਡੀਆਂ ਮੱਲ੍ਹਾਂ
ਇਸ ਸਬੰਧੀ ਰੋਲਾ ਪੈਣ 'ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼, ਅਵਾਮੀ ਤਹਿਰੀਕ ਸਮੇਤ ਕੁਝ ਹੋਰ ਮੁਸਲਮ ਸੰਗਠਨਾਂ ਨੇ ਧਰਮ ਪਰਿਵਰਤਣ ਦੇ ਮਾਮਲੇ ’ਚ ਦੋਸ਼ੀ ਦਾ ਸਮਰਥਨ ਕੀਤਾ ਗਿਆ ਸੀ। ਜਿਸ ਕਾਰਨ ਹਿੰਦੂ ਫਿਰਕੇ ਦੇ ਲੋਕਾਂ ਸਮੇਤ ਕਾਰੋਬਾਰ ਕਰਨ ਵਾਲਿਆਂ ਨੇ ਅੱਜ ਆਪਣਾ ਕਾਰੋਬਾਰ ਬੰਦ ਰੱਖ ਕੇ ਇਸ ਮਾਮਲੇ ਦਾ ਵਿਰੋਧ ਕੀਤਾ ਅਤੇ ਸੁਮਨ ਨੂੰ ਤੁਰੰਤ ਬਰਾਮਦ ਕਰਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਕੁੜੀ ਨੂੰ ਦਰਸ਼ਨ ਕਰਨ ਜਾਣ ਤੋਂ ਰੋਕਣ ਦੀ ਵਾਇਰਲ ਵੀਡੀਓ 'ਤੇ ਸ਼੍ਰੋਮਣੀ ਕਮੇਟੀ ਨੇ ਦਿੱਤਾ ਸਪੱਸ਼ਟੀਕਰਨ
ਇਹ ਰਾਜਨੀਤਿਕ ਦਲ ਇਹ ਦਲੀਲ ਦੇ ਰਹੇ ਸੀ ਕਿ ਸੁਮਨ ਨੇ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਣ ਕਰਕੇ ਆਪਣਾ ਨਾਮ ਕਾਇਨਾਤ ਰੱਖਿਆ ਹੈ, ਪਰ ਦੂਜੇ ਪਾਸੇ ਹਿੰਦੂ ਫਿਰਕੇ ਦੇ ਲੋਕਾਂ ਦੇ ਸਮਰਥਨ ਵਿਚ ਸਮੂਹ ਦੁਕਾਨਦਾਰਾਂ ਨੇ ਆਪਣਾ ਕਾਰੋਬਾਰ ਬੰਦ ਰੱਖ ਕਸਬੇ ਦੇ ਮੁੱਖ ਚੌਂਕ ’ਚ ਧਰਨਾ ਦਿੱਤਾ ਅਤੇ ਰੋਸ ਪ੍ਰਦਰਸ਼ਨ ਕੀਤਾ। ਰਮੇਸ਼ ਅਸਰਾਨੀ, ਅਰਬਾਬਾ ਇਮਰਾਨ, ਅਰਬਾਬਾ ਸਮੀਉੱਲਾ, ਇਮਰਾਨ ਬਾਗੀ, ਐਡਵੋਕੇਟ ਕੀਮਤੀ ਰਾਏ ਸਮੇਤ ਹੋਰਨਾਂ ਦੀ ਅਗਵਾਈ ਵਿਚ ਪ੍ਰਦਰਸ਼ਨਕਾਰੀ ਵੱਖ-ਵੱਖ ਸੜਕਾਂ ’ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਸਬੇ ਦੇ ਮੁੱਖ ਚੌਂਕ ਵਿਚ ਪਹੁੰਚੇ ਅਤੇ ਉੱਥੇ ਧਰਨਾ ਦਿੱਤਾ। ਪ੍ਰਦਰਸ਼ਨ ਕਰਨ ਵਾਲੇ ਘੱਟ ਗਿਣਤੀਆਂ ਦੀ ਸੁਰੱਖਿਆਂ ਅਤੇ ਹਿੰਦੂ ਔਰਤਾਂ ਦੇ ਜ਼ਬਰਦਸਤੀ ਧਰਮ ਪਰਿਵਰਤਣ ਨੂੰ ਰੋਕਣ ਦੇ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਦੇ ਨਾਲ ਸੁਮਨ ਨੂੰ ਵਾਪਸ ਕਰਨ ਦੀ ਮੰਗ ਕਰ ਰਹੇ ਸੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।