ਇਟਲੀ ''ਚ ਗੱਡੀ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ

Monday, Aug 13, 2018 - 06:16 PM (IST)

ਰੋਮ (ਕੈਂਥ)— ਪੂਰੀ ਦੁਨੀਆ ਵਿਚ ਗੱਡੀ ਚਲਾਉਂਦੇ ਸਮੇਂ ਡਰਾਈਵਰ ਵੱਲੋਂ ਮੋਬਾਇਲ ਦੀ ਵਰਤੋਂ ਕਰਨਾ ਆਮ ਗੱਲ ਹੈ, ਭਾਵੇਂ ਕਿ ਸਭ ਦੇਸ਼ਾਂ ਦੇ ਟ੍ਰੈਫਿਕ ਨਿਯਮ ਗੱਡੀ ਚਲਾਉਂਦੇ ਸਮੇਂ ਫੋਨ ਵਰਤੋਂ ਦੀ ਇਜਾਜ਼ਤ ਨਹੀਂ ਦਿੰਦੇ ਪਰ ਇਸ ਦੇ ਬਾਵਜੂਦ ਵੀ ਡਰਾਈਵਰ ਫੋਨ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਡਰਾਈਵਰ ਦੀ ਇਸ ਗੁਸਤਾਖ਼ੀ ਕਾਰਨ ਕਈ ਵਾਰ ਅਜਿਹੇ ਵੱਡੇ ਸੜਕ ਹਾਦਸੇ ਵਾਪਰ ਜਾਂਦੇ ਹਨ, ਜਿਹੜੇ ਕਿ ਅਣਗਿਣਤ ਬੇਕਸੂਰ ਲੋਕਾਂ ਦੀ ਜਾਨ ਦਾ ਖੌਅ ਬਣ ਜਾਂਦੇ ਹਨ। ਇਟਲੀ ਵਿਚ ਵੀ ਗੱਡੀ ਚਲਾਉਂਦੇ ਸਮੇਂ ਡਰਾਈਵਰ ਵੱਲੋਂ ਫੋਨ ਦੀ ਵਰਤੋਂ ਦੇ ਕਾਰਨ ਹਾਦਸਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਹਾਲ ਹੀ ਵਿਚ ਇਟਲੀ ਦੇ ਸ਼ਹਿਰ ਬਲੋਨੀਆ ਵਿਖੇ ਵੱਡਾ ਸੜਕ ਹਾਦਸਾ ਵਾਪਰਿਆ, ਜਿਸ ਵਿਚ ਇਕ ਟੈਂਕਰ ਫਟ ਗਿਆ ਜਦੋਂ ਉਸ ਦੀ ਟੱਕਰ ਮੂਹਰੇ ਜਾ ਰਹੇ ਵਹੀਕਲ ਨਾਲ ਹੋ ਗਈ। ਇਸ ਹਾਦਸੇ ਵਿਚ 3 ਲੋਕਾਂ ਦੀ ਦਰਦਨਾਕ ਮੌਤ ਅਤੇ ਕਰੀਬ 60-70 ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਸਨ। ਇਸ ਹਾਦਸੇ ਦਾ ਮੁੱਖ ਕਾਰਨ ਡਰਾਈਵਰ ਵੱਲੋਂ ਫੋਨ ਦੀ ਵਰਤੋਂ ਕਰਨਾ ਮੰਨਿਆ ਜਾ ਰਿਹਾ ਹੈ। ਇਟਲੀ ਦੇ ਟਰਾਂਸਪੋਰਟ ਮੰਤਰੀ ਦਾਨੀਲੋ ਤੂਨੀਨੇਲੀ ਨੇ ਇਸ ਦੁੱਖਦਾਈ ਸੜਕ ਹਾਦਸੇ ਤੋਂ ਬਾਅਦ ਆਪਣੀ ਇਕ ਇੰਟਰਵਿਊ ਵਿਚ ਕਿਹਾ ਕਿ ਜਿਹੜੇ ਲੋਕ ਡਰਾਈਵਿੰਗ ਕਰਦੇ ਸਮੇਂ ਫੋਨ ਗੱਲ ਕਰਨ, ਸੁਨੇਹੇ ਭੇਜਣ ਜਾਂ ਸੋਸ਼ਲ ਮੀਡੀਆ 'ਤੇ ਜਾਣ ਲਈ ਵਰਤਦੇ ਹਨ, ਉਨ੍ਹਾਂ ਦੇ ਲਾਇਸੈਂਸ ਵਾਪਸ ਲਏ ਜਾ ਸਕਦੇ ਹਨ। ਇਸ ਕਾਰਵਾਈ ਲਈ ਡਰਾਈਵਰ ਨੂੰ ਭਾਰੀ ਜੁਰਮਾਨਾ ਵੀ ਝੱਲਣਾ ਪੈ ਸਕਦਾ ਹੈ।

ਇਟਲੀ ਦੇ ਟਰਾਂਸਪੋਰਟ ਮੰਤਰੀ ਦਾਨੀਲੋ ਤੂਨੀਨੇਲੀ ਨੇ ਕਿਹਾ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨ ਵਾਲੇ ਡਰਾਈਵਰਾਂ ਦੀ ਗਲਤੀ ਕਾਰਨ ਸੜਕਾਂ 'ਤੇ ਹੋ ਰਹੀਆਂ ਮੌਤਾਂ ਇਕ ਬਹੁਤ ਹੀ ਗੰਭੀਰ ਮਸਲਾ ਹੈ। ਕੁਝ ਡਰਾਈਵਰ ਇਹ ਸੋਚਦੇ ਹਨ ਕਿ ਦੂਜੇ ਲੋਕ ਡਰਾਈਵਿੰਗ ਸਮੇਂ ਗਲਤੀ ਕਰ ਸਕਦੇ ਹਨ ਪਰ ਉਹ ਨਹੀਂ, ੁਬਹੁਤ ਗਲਤ ਵਿਚਾਰ ਹਨ। ਸਿਰਫ਼ ਇਹ ਕਹਿਣ ਨਾਲ ਹਾਦਸਿਆਂ ਨੂੰ ਰੋਕਿਆ ਨਹੀਂ ਜਾ ਸਕਦਾ ਕਿ ਫੋਨ ਕਾਰਨ ਹੋ ਰਹੇ ਸੜਕ ਹਾਦਸੇ ਦੁੱਖਦਾਈ ਹਨ। 

ਟਰਾਂਸਪੋਰਟ ਮੰਤਰੀ ਦਾਨੀਲੋ ਤੂਨੀਨੇਲੀ ਪਹਿਲਾਂ ਵੀ 31 ਜੁਲਾਈ ਨੂੰ ਇਕ ਸਭਾ ਦੌਰਾਨ ਸਬੰਧਤ ਆਵਾਜਾਈ ਅਪਰਾਧਾਂ ਲਈ ਸਖ਼ਤ ਦਲੀਲ ਪੇਸ਼ ਕਰ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਇਕੱਲੀਆਂ ਸਜ਼ਾਵਾਂ ਹੀ ਕਾਫ਼ੀ ਨਹੀਂ ਇਸ ਮਸਲੇ ਨੂੰ ਹੱਲ ਕਰਨ ਲਈ ਅਜੋਕੇ ਨੌਜਵਾਨ ਵਰਗ ਵਿਚ ਜਾਗਰੂਕਤਾ ਮੁਹਿੰਮ ਚਲਾਉਣੀ ਵੀ ਬਹੁਤ ਜ਼ਰੂਰੀ ਹੈ। ਇਟਲੀ ਦੀ ਰਾਸ਼ਟਰੀ ਸੰਸਥਾ ਈਸਤਤ ਵੱਲੋਂ 23 ਜੁਲਾਈ ਨੂੰ ਜਾਰੀ ਇਕ ਨਵੀਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੜਕਾਂ 'ਤੇ ਡਰਾਈਵਰਾਂ ਦਾ ਧਿਆਨ ਭੰਗ ਹੋਣ ਕਾਰਨ 2017 ਵਿਚ ਸੜਕ ਦੁਰਘਟਨਾਵਾਂ ਦੇ ਤਿੰਨ ਮੁੱਖ ਕਾਰਨਾਂ 'ਚੋਂ ਇਕ ਹੈ। ਜਿਸ ਵਿਚ ਓਵਰ ਸਪੀਡ, ਆਵਾਜਾਈ ਦੀ ਰੌਸ਼ਨੀ ਅਤੇ ਆਵਾਜਾਈ ਨਾਲ ਸਬੰਧਤ ਬੋਰਡਾਂ ਦੀ ਉਲੰਘਣਾ ਸ਼ਾਮਲ ਹੈ। 

ਪਹਿਲਾਂ ਇਟਲੀ ਵਿਚ ਗੱਡੀ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਵਿਅਕਤੀ ਨੂੰ 161 ਯੂਰੋ ਤੋਂ 646 ਯੂਰੋ ਤਕ ਦਾ ਜੁਰਮਾਨਾ ਅਤੇ ਲਾਇਸੈਂਸ ਦੇ 5 ਪੁਆਇੰਟ ਕੱਟ ਹੁੰਦੇ ਹਨ, ਜੇਕਰ ਉਹ ਹੀ ਡਰਾਈਵਰ ਮੁੜ ਦੋ ਸਾਲ ਦੇ ਵਿਚ ਉਹ ਹੀ ਗਲਤੀ ਕਰਦਾ ਹੈ ਤਾਂ ਇਸ ਜੁਰਮਾਨੇ ਦੇ ਨਾਲ-ਨਾਲ ਉਸ ਦਾ ਲਾਇਸੈਂਸ ਵੀ 1 ਤੋਂ 3 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਜਾਂਦਾ ਹੈ ਪਰ ਹੁਣ ਇਟਲੀ ਵਿਚ ਮੋਬਾਇਲ ਕਾਰਨ ਵਧ ਰਹੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਪ੍ਰਸ਼ਾਸਨ ਕਸੂਰਵਾਰ ਡਰਾਈਵਰ ਦਾ ਲਾਇਸੈਂਸ ਵਾਪਸ ਵੀ ਲੈ ਸਕਦਾ ਹੈ।


Related News