ਕੈਨੇਡੀਅਨ ਏਅਰਪੋਰਟ 'ਤੇ ਡੱਡੂਆਂ ਨੇ ਕੀਤਾ ਕਬਜ਼ਾ

07/19/2019 5:57:21 PM

ਓਨਟਾਰੀਓ/ਜਲੰਧਰ (ਕਸ਼ਯਪ)- ਟੋਰਾਂਟੋ ਦੇ ਬਿਲੀ ਬਿਸ਼ਪ ਏਅਰਪੋਰਟ 'ਤੇ ਡੱਡੂਆਂ ਨੇ ਕਬਜ਼ਾ ਕਰ ਲਿਆ ਹੈ। ਇਥੇ ਹਰ ਪਾਸੇ-ਪਾਸੇ ਡੱਡੂ ਹੀ ਡੱਡੂ ਨਜ਼ਰ ਆ ਰਹੇ ਹਨ, ਜਿਨ੍ਹਾਂ ਕਾਰਨ ਸਟਾਫ ਤੇ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਆ ਰਹੀ ਹੈ। ਪਿਛਲੇ ਦੋ ਦਿਨਾਂ ਤੋਂ ਏਅਰਪੋਰਟ 'ਤੇ ਡੱਡੂਆਂ ਦੀ ਭਰਮਾਰ ਹੋਈ ਪਈ ਹੈ। ਪੋਰਟਸ ਟੋਰਾਂਟੋ ਦੀ ਸੰਚਾਰ ਮੈਨੇਜਰ ਸਾਰਾਹ ਸੁਟਟੋਨ ਨੇ ਦੱਸਿਆ ਕਿ ਦਰਜਨਾਂ ਤੋਂ ਜ਼ਿਆਦਾ ਡੱਡੂ ਦੇ ਬੱਚੇ ਪਿਛਲੇ ਕੁਝ ਦਿਨਾਂ ਵਿਚ ਇਸ ਹਵਾਈਅੱਡੇ ਉੱਤੇ ਨਜਰ ਆ ਰਹੇ ਹਨ।

PunjabKesari

ਇਸਦਾ ਇਕ ਮੁੱਖ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਲਾਕੇ ਵਿਚ ਪਾਣੀ ਦਾ ਪੱਧਰ ਵੱਧਣ ਕਾਰਨ ਇਹ ਡੱਡੂ ਏਅਰਪੋਰਟ ਦੀ ਬਿਲਡਿੰਗ ਵੱਲ ਆ ਗਏ ਹਨ। ਇਕ ਜੰਗਲੀ ਜੀਵ ਪ੍ਰਬੰਧਕ ਟੀਮ ਇਨ੍ਹਾਂ ਨਿੱਕੇ-ਨਿੱਕੇ ਡੱਡੂਆਂ ਨੂੰ ਹਵਾਈ ਅੱਡੇ ਤੋਂ ਹਟਾਉਣ ਦਾ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਬਾਹਰ ਖੁੱਲੀ ਅਤੇ ਸੁਰੱਖਿਅਤ ਥਾਵਾਂ' ਤੇ ਛੱਡ ਕੇ ਆ ਰਹੇ ਹਨ। ਸੁਟਟੋਨ ਨੇ ਕਿਹਾ ਕਿ ਏਅਰਪੋਰਟ ਦੇ ਸਟਾਫ ਵਲੋਂ ਵੀ ਇਨ੍ਹਾਂ ਟੋਡਸ (ਡੱਡੂ) ਨੂੰ ਆਪਣੇ ਹੱਥਾਂ ਨਾਲ ਫੜ ਕੇ ਇਕ ਬਾਲਟੀ ਵਿਚ ਇਕੱਠਾ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਨ੍ਹਾਂ ਨੂੰ ਏਅਰਪੋਰਟ ਤੋਂ ਬਾਹਰ ਕਿਸੇ ਸੁਰੱਖਿਅਤ ਥਾਵਾਂ 'ਤੇ ਵਾਈਲਡ ਲਾਈਫ ਮੈਨੇਜਮੈਂਟ ਦੇ ਮੁਲਾਜ਼ਮ ਛੱਡ ਕੇ ਆ ਰਹੇ ਹਨ। ਸੁਟਟੋਨ ਨੇ ਕਿਹਾ ਕਿ ਇਸ ਵੇਲੇ ਸਾਡੀ ਪਹਿਲ ਇਹ ਹੈ ਕਿ ਏਅਰਪੋਰਟ ਇਮਾਰਤ ਵਿਚ ਇਹ ਡੱਡੂ ਕਿਥੋਂ ਆ ਰਹੇ ਹਨ, ਉਸ ਰਸਤੇ ਨੂੰ ਬੰਦ ਕੀਤਾ ਜਾਵੇ ਤਾਂ ਜੋ ਹੋਰ ਡੱਡੂ ਏਅਰਪੋਰਟ ਅੰਦਰ ਦਾਖਲ ਨਾ ਹੋ ਸਕਣ।


Sunny Mehra

Content Editor

Related News