ਫਰਵਰੀ ''ਚ ਭਾਰਤ ਫੇਰੀ ਮਾਰ ਸਕਦੇ ਹਨ ਟਰੰਪ, ਇਮਰਾਨ ਨੂੰ ਲੱਗੀ ਇਸ ਗੱਲ ਦੀ ਚਿੰਤਾ

01/21/2020 5:39:24 PM

ਇਸਲਾਮਾਬਾਦ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਫਰਵਰੀ ਵਿਚ ਭਾਰਤ ਦਾ ਦੌਰਾ ਕਰ ਸਕਦੇ ਹਨ। ਇਸ ਖਬਰ ਨਾਲ ਪਾਕਿਸਤਾਨ ਵਿਚ ਬੇਚੈਨੀ ਦਾ ਮਾਹੌਲ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਡੋਨਾਲਡ ਟਰੰਪ ਦੇ ਇਸ ਦੌਰੇ ਨੂੰ ਲੈ ਕੇ ਚਿੰਤਤ ਹਨ। ਇਮਰਾਨ ਪੂਰੀ ਕੋਸ਼ਿਸ਼ ਕਰ ਰਹ ਹਨ ਕਿ ਟਰੰਪ ਭਾਰਤ ਜਾਂਦੇ ਜਾਂ ਪਰਤਦੇ ਸਮੇਂ ਕੁਝ ਦੇਰ ਲਈ ਪਾਕਿਸਤਾਨ ਵੀ ਠਹਿਰ ਜਾਣ ਪਰ ਅਜਿਹਾ ਹੁੰਦਾ ਨਹੀਂ ਦਿਖ ਰਿਹਾ।

ਪਾਕਿਸਤਾਨੀ ਅਧਿਕਾਰੀਆਂ ਨੇ ਦੱਸਿਆ ਕਿ ਇਮਰਾਨ ਖਾਨ ਨੂੰ ਇਸ ਲਈ ਵੀ ਜ਼ਿਆਦਾ ਚਿੰਤਾ ਹੈ ਕਿਉਂਕਿ ਜਦੋਂ ਤੋਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ, ਉਹਨਾਂ ਦੀ ਕੋਸ਼ਿਸ਼ ਹੈ ਕਿ ਉਹ ਟਰੰਪ ਇਕ ਵਾਰ ਪਾਕਿਸਤਾਨ ਦਾ ਦੌਰਾ ਵੀ ਕਰ ਲੈਣ। ਇਮਰਾਨ ਦੇ ਇਕ ਕਰੀਬੀ ਨੇ ਦੱਸਿਆ ਕਿ ਟਰੰਪ ਦੇ ਪਾਕਿਸਤਾਨ ਵਿਚ ਰੁਕਣ ਦਾ ਕੋਈ ਵੱਡਾ ਕਾਰਨ ਨਹੀਂ ਹੈ, ਇਸ ਤੋਂ ਇਲਾਵਾ ਸੁਰੱਖਿਆ ਦੇ ਕਾਰਨ ਵੀ ਟਰੰਪ ਰੁਕਣ ਤੋਂ ਬਚ ਰਹੇ ਹਨ। ਇਸ ਗੱਲ ਦੀ ਜਾਣਕਾਰੀ ਇਮਰਾਨ ਨੂੰ ਵੀ ਦੇ ਦਿੱਤੀ ਗਈ ਹੈ।

ਜਾਣਕਾਰਾਂ ਦੀ ਮੰਨੀਏ ਤਾਂ ਪਾਕਿਸਤਾਨ ਦੀ ਇਮਰਾਨ ਸਰਕਾਰ ਮਹਿੰਗਾਈ, ਅਰਥਵਿਵਸਥਾ, ਬੇਰੁਜ਼ਗਾਰੀ ਜਿਹੇ ਮੁੱਦਿਆਂ 'ਤੇ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਥੇ ਹੀ ਅੰਤਰਰਾਸ਼ਟਰੀ ਮੋਰਚੇ 'ਤੇ ਵੀ ਉਸ ਦਾ ਇਹ ਹੀ ਹਾਲ ਰਿਹਾ ਹੈ। ਕਸ਼ਮੀਰ ਸਣੇ ਹੋਰ ਮੁੱਦਿਆਂ 'ਤੇ ਮੁਸਲਿਮ ਦੇਸ਼ਾਂ ਤੇ ਵਿਸ਼ਵ ਬਿਰਾਦਰੀ ਨੂੰ ਆਪਣੇ ਪੱਖ ਵਿਚ ਕਰਨ ਵਿਚ ਵੀ ਇਮਰਾਨ ਸਰਕਾਰ ਅਸਫਲ ਰਹੀ ਹੈ। ਇਸ ਹਾਲ ਵਿਚ ਟਰੰਪ ਦਾ ਭਾਰਤ ਦੌਰਾ ਤੇ ਪਾਕਿਸਤਾਨ ਨਾ ਜਾਣਾ ਇਸਲਾਮਾਬਾਦ ਲਈ ਇਕ ਵੱਡਾ ਝਟਕਾ ਸਾਬਿਤ ਹੋ ਸਕਦਾ ਹੈ। ਇਮਰਾਨ ਨੇ ਭਰੋਸਾ ਦਿੱਤਾ ਸੀ ਕਿ ਟਰੰਪ ਜ਼ਰੂਰ ਪਾਕਿਸਤਾਨ ਆਉਣਗੇ ਤੇ ਉਹਨਾਂ ਦੇ ਆਉਣ ਨਾਲ ਪਾਕਿਸਤਾਨ ਦੀ ਅਰਥਵਿਵਸਥਾ ਵਿਚ ਨਵੀਂ ਜਾਨ ਪਾਉਣ ਵਿਚ ਮਦਦ ਮਿਲੇਗੀ।

ਪਿਛਲੇ ਵੀਰਵਾਰ ਨੂੰ ਇਮਰਾਨ ਨੇ ਸੰਸਦ ਵਿਚ ਵੀ ਇਸ ਗੱਲ ਨੂੰ ਦੁਹਰਾਇਆ ਸੀ। ਅਮਰੀਕਾ ਤੱਕ ਪਹੁੰਚ ਮਜ਼ਬੂਤ ਕਰਨ ਦੇ ਲਈ ਪਾਕਿਸਤਾਨੀ ਸਰਕਾਰ ਨੇ ਪਿਛਲੇ ਸਾਲ ਜੁਲਾਈ ਵਿਚ ਹਾਲੈਂਡ ਐਂਡ ਨਾਈਟ ਦੇ ਨਾਲ ਕਰਾਰ ਕੀਤਾ ਸੀ। ਪਰ ਇਸ ਦਾ ਫਾਇਦਾ ਨਹੀਂ ਮਿਲਿਆ। ਜਾਣਕਾਰ ਸੂਤਰਾਂ ਦਾ ਮੰਨਣਾ ਹੈ ਕਿ ਜੇਕਰ ਟਰੰਪ ਪਾਕਿਸਤਾਨ ਆਉਂਦੇ ਤਾਂ ਅਜਿਹਾ 14 ਸਾਲ ਬਾਅਦ ਹੋਵੇਗਾ ਕਿ ਪਾਕਿਸਤਾਨ ਦੀ ਧਰਤੀ 'ਤੇ ਕੋਈ ਅਮਰੀਕੀ ਪਹੁੰਚੇਗਾ। ਨਾਲ ਹੀ ਲੋਕਤੰਤਰੀ ਸ਼ਾਸਨ ਵਿਚ ਕਿਸੇ ਵੀ ਅਮਰੀਕੀ ਮੁਖੀ ਦਾ ਪਹਿਲੀ ਵਾਰ ਪਾਕਿਸਤਾਨ ਆਉਣਾ ਹੋਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਆਏ ਪੰਜੇ ਅਮਰੀਕੀ ਰਾਸ਼ਟਰਪਤੀ ਫੌਜੀ ਸ਼ਾਸਨ ਦੇ ਦੌਰਾਨ ਹੀ ਆਏ ਸਨ। ਹੁਣ ਵੀ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਲੱਗੀਆਂ ਹਨ ਕੀ ਟਰੰਪ ਆਪਣੇ ਦੋਸਤ ਇਮਰਾਨ ਨੂੰ ਨਿਰਾਸ਼ ਕਰਨਗੇ ਜਾਂ ਉਹਨਾਂ ਦੀ ਗੱਲ ਨੂੰ ਰੱਖਦੇ ਹੋਏ ਪਾਕਿਸਤਾਨ ਆਉਣਗੇ।


Baljit Singh

Content Editor

Related News