''ਰਾਸ਼ਟਰਪਤੀ ਦੇ ਰੂਪ ''ਚ ਟਰੰਪ ਨੇ ਐੱਚ-1ਬੀ ਵੀਜ਼ਾ ਦਾ ਕੀਤਾ ਸੀ ਸਮਰਥਨ''

Thursday, Jan 04, 2018 - 06:06 PM (IST)

''ਰਾਸ਼ਟਰਪਤੀ ਦੇ ਰੂਪ ''ਚ ਟਰੰਪ ਨੇ ਐੱਚ-1ਬੀ ਵੀਜ਼ਾ ਦਾ ਕੀਤਾ ਸੀ ਸਮਰਥਨ''

ਵਾਸ਼ਿੰਗਟਨ (ਭਾਸ਼ਾ)— ਡੋਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤਣ ਤੋਂ ਬਾਅਦ ਐੱਚ-1ਬੀ ਵੀਜ਼ਾ ਪ੍ਰਣਾਲੀ ਦਾ ਸਮਰਥਨ ਕੀਤਾ ਸੀ, ਜਦਕਿ ਮੁਹਿੰਮ ਵਿਚ ਉਹ ਉਸ ਕੰਮਕਾਜੀ ਵੀਜ਼ਾ ਦਾ ਵਿਰੋਧ ਕਰਦੇ ਰਹੇ ਸਨ ਜੋ ਕਿ ਭਾਰਤੀ ਪੇਸ਼ੇਵਰਾਂ 'ਚ ਬਹੁਤ ਲੋਕਪ੍ਰਿਅ ਹੈ। ਪੱਤਰਕਾਰ ਮਾਈਕਲ ਵੋਲਫ ਨੇ ਆਪਣੀ ਨਵੀਂ ਕਿਤਾਬ ਫਾਈਰ ਐਂਡ ਯੂਰੀ : ਇਨਸਾਈਡ ਦਿ ਟਰੰਪ ਵ੍ਹਾਈਟ ਹਾਊਸ 'ਚ ਇਹ ਗੱਲ ਆਖੀ।
ਐੱਚ-1ਬੀ ਵੀਜ਼ਾ ਇਕ ਗੈਰ-ਇਮੀਗ੍ਰੇਸ਼ਨ ਵੀਜ਼ਾ ਹੈ, ਜੋ ਕਿ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਅਹੁਦਿਆਂ 'ਤੇ ਵਿਦੇਸ਼ੀ ਕਰਮਚਾਰੀ ਰੱਖਣ ਦੀ ਆਗਿਆ ਦਿੰਦਾ ਹੈ। ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਕਰਮਚਾਰੀ ਰੱਖਣ ਲਈ ਹਰ ਸਾਲ ਐੱਚ-1ਬੀ ਵੀਜ਼ਾ 'ਤੇ ਨਿਰਭਰ ਰਹਿੰਦੀ ਹੈ। 
ਓਧਰ ਟਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਐੱਚ-1ਬੀ ਵੀਜ਼ਾ ਪ੍ਰਣਾਲੀ 'ਚ ਗੜਬੜੀਆਂ ਨੂੰ ਵੱਡਾ ਮੁੱਦਾ ਬਣਾਇਆ ਸੀ। ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਨੇ ਇਸ ਵੀਜ਼ਾ ਪ੍ਰਣਾਲੀ ਨੂੰ ਸਖਤ ਕਰਨ ਸੰਬੰਧੀ ਹੁਕਮ ਜਾਰੀ ਕੀਤਾ ਸੀ। ਕਿਤਾਬ ਮੁਤਾਬਕ ਚੁਣੇ ਗਏ ਰਾਸ਼ਟਰਪਤੀ ਟਰੰਪ ਨੇ ਸਿਲੀਕਨ ਵੈਲੀ ਦੇ ਪ੍ਰਤੀਨਿਧੀਆਂ ਨਾਲ ਬੈਠਕ ਤੋਂ ਬਾਅਦ ਕਿਹਾ ਕਿ ਤਕਨਾਲੋਜੀ ਉਦਯੋਗ ਨੂੰ ਐੱਚ-1ਬੀ ਵੀਜ਼ਾ ਦੇ ਮੁੱਦੇ 'ਤੇ ਮਦਦ ਦੀ ਲੋੜ ਹੈ। ਉੱਥੇ ਹੀ ਵ੍ਹਾਈਟ ਹਾਊਸ ਨੇ ਇਸ ਕਿਤਾਬ ਦੀ ਸਮੱਗਰੀ 'ਤੇ ਸਵਾਲ ਚੁੱਕਦੇ ਹੋਏ ਇਸ ਨੂੰ ਕਲਪਨਾ ਕਰਾਰ ਦਿੱਤਾ ਹੈ।


Related News