ਪਾਕਿ ਨੂੰ ਟਰੰਪ ਦੀ ਫਟਕਾਰ, ਬਚਾਅ ''ਚ ਅੱਗੇ ਆਇਆ ਚੀਨ
Tuesday, Jan 02, 2018 - 05:39 PM (IST)

ਬੀਜਿੰਗ (ਭਾਸ਼ਾ)— ਚੀਨ ਨੇ ਪਾਕਿਸਤਾਨ ਦਾ ਇਹ ਕਹਿੰਦੇ ਹੋਏ ਬਚਾਅ ਕੀਤਾ ਹੈ ਕਿ ਵਿਸ਼ਵ ਭਾਈਚਾਰੇ ਨੂੰ ਅੱਤਵਾਦ ਵਿਰੁੱਧ ਉਸ ਦੀ ਮੁਹਿੰਮ 'ਚ ਯੋਗਦਾਨ ਨੂੰ ਪਛਾਣਨਾ ਚਾਹੀਦਾ ਹੈ। ਇੱਥੇ ਦੱਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਤਵਾਦੀਆਂ ਨੂੰ ਸੁਰੱਖਿਆ ਸ਼ਰਨਸਥਲੀ ਲਈ ਪਾਕਿਸਤਾਨ ਨੂੰ ਫਟਕਾਰ ਲਾਈ ਸੀ। ਪਾਕਿਸਤਾਨ 'ਤੇ ਜ਼ੋਰਦਾਰ ਹਮਲਾ ਕਰਦੇ ਹੋਏ ਟਰੰਪ ਨੇ ਉਸ 'ਤੇ ਝੂਠ ਬੋਲਣ ਅਤੇ ਧੋਖਾ ਦੇਣ ਦੇ ਦੋਸ਼ ਲਾਏ ਅਤੇ ਕਿਹਾ ਕਿ ਅੱਤਵਾਦੀਆਂ ਨੂੰ ਸ਼ਰਨ ਦੇ ਕੇ ਉਹ ਅਮਰੀਕੀ ਨੇਤਾਵਾਂ ਨੂੰ ਮੂਰਖ ਬਣਾਉਂਦਾ ਰਿਹਾ ਹੈ। ਟਰੰਪ ਨੇ ਟਵੀਟ ਕੀਤਾ ਸੀ, ''ਅਮਰੀਕਾ ਨੇ ਪਿਛਲੇ 15 ਸਾਲਾਂ ਵਿਚ ਪਾਕਿਸਤਾਨ ਨੂੰ ਮਦਦ ਦੇ ਤੌਰ 'ਤੇ ਮੂਰਖ ਬਣ ਕੇ 33 ਅਰਬ ਡਾਲਰ ਤੋਂ ਵਧ ਦਿੱਤੇ ਅਤੇ ਉਨ੍ਹਾਂ ਨੇ ਸਾਨੂੰ ਝੂਠ ਅਤੇ ਧੋਖੇ ਤੋਂ ਇਲਾਵਾ ਕੁਝ ਨਹੀਂ ਦਿੱਤਾ ਹੈ, ਸਾਡੇ ਨੇਤਾਵਾਂ ਨੂੰ ਉਹ ਮੂਰਖ ਸਮਝਦੇ ਰਹੇ ਹਨ।''
ਪਾਕਿਸਤਾਨ ਦੀ ਆਲੋਚਨਾ ਕਰਦੇ ਹੋਏ ਟਰੰਪ ਨੇ ਕਿਹਾ, ''ਉਨ੍ਹਾਂ ਨੇ ਉਨ੍ਹਾਂ ਅੱਤਵਾਦੀਆਂ ਨੂੰ ਸ਼ਰਨ ਦਿੱਤੀ, ਜਿਨ੍ਹਾਂ ਨੂੰ ਅਸੀਂ ਅਫਗਾਨਿਸਤਾਨ 'ਚ ਲੱਭਦੇ ਰਹੇ। ਬਸ ਹੁਣ ਹੋਰ ਨਹੀਂ।'' ਓਧਰ ਚੀਨ ਨੇ ਅੱਤਵਾਦ ਰੋਕੂ ਰਿਕਾਰਡ ਲਈ ਪਾਕਿਸਤਾਨ ਦੀ ਸਿਫਤ ਕੀਤੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ, ''ਪਾਕਿਸਤਾਨ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਅੱਤਵਾਦ ਵਿਰੁੱਧ ਲੜਾਈ 'ਚ ਕੁਰਬਾਨੀਆਂ ਦਿੱਤੀਆਂ ਹਨ। ਅੱਤਵਾਦ ਰੋਕੂ ਵਿਸ਼ਵ ਭਾਈਚਾਰੇ ਦੀਆਂ ਕੋਸ਼ਿਸ਼ਾਂ ਵਿਚ ਉਸ ਦੀ ਭੂਮਿਕਾ ਸ਼ਾਨਦਾਰ ਰਹੀ ਹੈ। ਕੌਮਾਂਤਰੀ ਭਾਈਚਾਰੇ ਨੂੰ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਗੇਂਗ ਨੇ ਕਿਹਾ ਕਿ ਚੀਨ ਅਤੇ ਪਾਕਿਸਤਾਨ ਸਦਾਬਹਾਰ ਸਾਂਝੇਦਾਰ ਹਨ। ਅਸੀਂ ਆਪਣੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ, ਤਾਂ ਕਿ ਦੋਵੇਂ ਪੱਖ ਫਾਇਦੇ ਵਿਚ ਰਹਿਣ।