ਸਮੁੰਦਰ ''ਚ ਪਹਿਲੀ ਵਾਰ 11 ਕਿ.ਮੀ. ਦੀ ਡੁੱਬਕੀ, ਇਨ੍ਹਾਂ ਚੀਜ਼ਾਂ ਨੇ ਕੀਤਾ ਹੈਰਾਨ

05/14/2019 11:06:36 AM

ਵਾਸ਼ਿੰਗਟਨ— ਅਮਰੀਕੀ ਖੋਜਕਾਰ ਵਿਕਟਰ ਵੇਸਕੇਵੋ ਪਹਿਲੀ ਵਾਰ ਸਮੁੰਦਰ ਦੀ 11 ਕਿਲੋਮੀਟਰ ਦੀ ਡੂੰਘਾਈ 'ਚ ਉੱਤਰੇ ਤਾਂ ਉਨ੍ਹਾਂ ਨੂੰ ਉੱਥੇ ਵੀ ਪਲਾਸਟਿਕ ਦਾ ਕੂੜਾ ਮਿਲਿਆ, ਜਿਸ ਕਾਰਨ ਉਹ ਹੈਰਾਨ ਹੋ ਗਏ। ਉਹ ਪ੍ਰਸ਼ਾਂਤ ਮਹਾਸਾਗਰ ਦੇ ਮਾਰਿਆਨਾ ਟ੍ਰੈਂਚ 'ਚ ਤਕਰੀਬਨ 4 ਘੰਟੇ ਤਕ ਰਹੇ। ਇਹ ਦੁਨੀਆ ਦਾ ਸਭ ਤੋਂ ਡੂੰਘਾ ਸਥਾਨ ਹੈ। ਵਿਕਟਰ ਨੂੰ ਇੱਥੇ ਸਮੁੰਦਰੀ ਜੀਵਾਂ ਦੇ ਇਲਾਵਾ ਪਲਾਸਟਿਕ ਬੈਗਜ਼ ਅਤੇ ਮਿਠਾਈਆਂ ਦੇ ਖਾਲੀ ਡੱਬੇ ਮਿਲੇ। ਵਿਕਟਰ ਦੀ ਟੀਮ ਪਣਡੁੱਬੀ ਅਤੇ ਮੋਟਰ ਸ਼ਿਪ ਰਾਹੀਂ ਮਾਰਿਆਨਾ ਟ੍ਰੈਂਚ ਦੀ ਹੇਠਲੀ ਸਤ੍ਹਾ 'ਤੇ 5 ਵਾਰ ਉੱਤਰੀ। ਟੀਮ ਨੇ ਦੂਰ-ਦਰਾਡੇ ਇਲਾਕਿਆਂ ਦਾ ਪਤਾ ਲਗਾਉਣ ਲਈ ਰੋਬੋਟਿਕ ਲੈਂਡਰਸ ਤਾਇਨਾਤ ਕੀਤੇ ਸਨ।

 

PunjabKesari

ਵਿਕਟਰ ਨੇ ਕਿਹਾ ਕਿ ਮੁਹਿੰਮ ਦੌਰਾਨ ਅਸੀਂ ਤੇਜ਼ ਲਹਿਰਾਂ ਵਿਚੋਂ ਡੂੰਘੇ ਸਮੁੰਦਰ 'ਚ ਉਤਰਨ 'ਚ ਸਫਲਤਾ ਹਾਸਲ ਕੀਤੀ। ਇਹ ਉੱਚ ਸਮੁੰਦਰੀ ਤਕਨੀਕ ਦੀ ਵਰਤੋਂ ਦਾ ਚੰਗਾ ਉਦਾਹਰਣ ਹੈ। ਇਹ ਤੀਸਰੀ ਵਾਰ ਹੈ ਜਦ ਕੋਈ ਇਨਸਾਨ ਸਮੁੰਦਰ ਦੀ ਸਭ ਤੋਂ ਵਧ ਡੂੰਘਾਈ 'ਚ ਪੁੱਜਾ ਹੋਵੇ। ਪਹਿਲੀ ਵਾਰ 1960  'ਚ ਅਮਰੀਕੀ ਸਮੁੰਦਰੀ ਫੌਜ ਦੇ ਲੈਫਟੀਨੈਂਟ ਡਾਨ ਵਾਲਸ਼ ਅਤੇ ਸਵਿਟਜ਼ਰਲੈਂਡ ਦੇ ਇੰਜੀਨੀਅਰ ਜੈਕਸ ਪਿਕਕਾਰਡ ਮਾਰਿਆਨਾ ਟ੍ਰੈਂਚ ਦੀ ਹੇਠਲੀ ਸਤ੍ਹਾ 'ਤੇ ਪੁੱਜੇ ਸਨ। ਉਹ ਤਕਰੀਬਨ 10 ਕਿਲੋ ਮੀਟਰ ਤਕ ਹੀ ਪੁੱਜ ਸਕੇ ਸਨ। ਸਾਲ ਭਰ ਪਹਿਲਾਂ ਚੀਨ ਦੀ ਪਣਡੁੱਬੀ ਵੀ ਪਹਿਲੀ ਵਾਰ ਸਮੁੰਦਰ ਦੇ ਅੰਦਰ 4027 ਮੀਟਰ ਦੀ ਡੂੰਘਾਈ ਤਕ ਪੁੱਜੀ ਸੀ।

ਦੱਸ ਦਈਏ ਕਿ ਅਮਰੀਕਾ ਕਈ ਦਹਾਕਿਆਂ ਤਕ ਚੀਨ ਨੂੰ ਪਲਾਸਟਿਕ ਕੂੜਾ ਸਸਤੇ ਰੇਟ 'ਤੇ ਦਿੰਦਾ ਰਿਹਾ। ਕੈਨੇਡਾ ਆਪਣਾ ਕੂੜਾ ਫਿਲੀਪੀਨਜ਼ ਦੇ ਮਨੀਲਾ ਦੀ ਬੰਦਰਗਾਹ 'ਤੇ ਡੰਪ ਕਰਦਾ ਹੈ। ਅਮੀਰ ਦੇਸ਼ ਵੱਡੀ ਮਾਤਰਾ 'ਚ ਕੂੜਾ ਪੈਦਾ ਕਰਦੇ ਹਨ ਪਰ ਰੀਸਾਈਕਲਿੰਗ ਨਹੀਂ ਕਰ ਪਾਉਂਦੇ। ਦੁਨੀਆ 'ਚ ਸਲਾਨਾ 30 ਕਰੋੜ ਟਨ ਪਲਾਸਟਿਕ ਕੂੜਾ ਪੈਦਾ ਹੁੰਦਾ ਹੈ। ਰੀਸਰਚ ਮੁਤਾਬਕ ਦੁਨੀਆ ਭਰ ਦੇ ਮਹਾਸਾਗਰਾਂ 'ਚ 10 ਕਰੋੜ ਟਨ ਪਲਾਸਟਿਕ ਕੂੜਾ ਪਾਇਆ ਜਾਂਦਾ ਹੈ। ਇਸ 'ਚੋਂ 90 ਫੀਸਦੀ ਕੂੜਾ ਸਿਰਫ 10 ਨਦੀਆਂ ਰਾਹੀਂ ਸਮੁੰਦਰ 'ਚ ਪੁੱਜਦਾ ਹੈ। ਇਸ 'ਚ ਏਸ਼ੀਆ ਦੀਆਂ ਨਦੀਆਂ ਦੀ ਗਿਣਤੀ ਜ਼ਿਆਦਾ ਹੈ। ਭਾਰਤ ਦੀ ਗੰਗਾ ਤੇ ਸਿੰਧੂ ਨਦੀ ਵੀ ਸ਼ਾਮਲ ਹੈ। 


Related News