ਇਸ ਔਰਤ ਨੇ ਹਲਦੀ ਦੀ ਵਰਤੋਂ ਨਾਲ ਦਿੱਤੀ ਕੈਂਸਰ ਨੂੰ ਮਾਤ

Thursday, Jan 04, 2018 - 06:06 PM (IST)

ਇਸ ਔਰਤ ਨੇ ਹਲਦੀ ਦੀ ਵਰਤੋਂ ਨਾਲ ਦਿੱਤੀ ਕੈਂਸਰ ਨੂੰ ਮਾਤ

ਲੰਡਨ (ਬਿਊਰੋ)— ਬੀਤੇ ਇਕ ਦਹਾਕੇ ਤੋਂ ਬਲੱਡ ਕੈਂਸਰ ਨਾਲ ਜੂਝ ਰਹੀ ਔਰਤ ਨੂੰ ਆਖਿਰਕਾਰ ਇਸ ਖਤਰਨਾਕ ਬੀਮਾਰੀ ਤੋਂ ਛੁਟਕਾਰਾ ਮਿਲ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਔਰਤ ਨੇ ਦਵਾਈਆਂ ਦੀ ਜਗ੍ਹਾ ਸਿਰਫ ਹਲਦੀ ਦੀ ਵਰਤੋਂ ਕੀਤੀ ਸੀ। ਲੰਡਨ ਨਿਵਾਸੀ 67 ਸਾਲਾ ਡਾਇਨੇਕੇ ਫਰਗੂਸਨ ਕਈ ਸਾਲਾਂ ਤੋਂ ਬਲੱਡ ਕੈਂਸਰ ਨਾਲ ਪੀੜਤ ਸੀ। ਉਸ ਨੇ ਕਈ ਡਾਕਟਰਾਂ ਤੋਂ ਇਲਾਜ ਵੀ ਕਰਵਾਇਆ ਪਰ ਕੋਈ ਅਸਰ ਨਹੀਂ ਹੋਇਆ। ਹਲਦੀ ਦੀ ਮਦਦ ਨਾਲ ਪੂਰੀ ਤਰਾਂ ਠੀਕ ਹੋਣ ਮਗਰੋਂ ਡਾਇਨੇਕੇ ਹੁਣ ਪਹਿਲਾਂ ਦੀ ਤਰ੍ਹਾਂ ਸਿਹਤਮੰਦ ਜ਼ਿੰਦਗੀ ਜੀਅ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਪਹਿਲਾ ਅਜਿਹਾ ਮਾਮਲਾ ਹੈ, ਜਿੱਥੇ ਕੋਈ ਮਰੀਜ਼ ਇਸ ਤਰ੍ਹਾਂ ਦੇ ਇਲਾਜ ਨਾਲ ਠੀਕ ਹੋਇਆ ਹੈ। ਮਤਲਬ ਕਿਸੇ ਮਸਾਲੇ ਦੀ ਵਰਤੋਂ ਕਰ ਕੇ। 

PunjabKesari
ਅਕਤਬੂਰ 2009 ਵਿਚ ਕੀਮੋਥੈਰੇਪੀ ਦੇ ਤਿੰਨ ਪੜਾਅ ਅਤੇ 4 ਸਟੈਮ ਸੈੱਲਸ ਟਰਾਂਸਪਲਾਂਟ ਹੋਣ ਦੇ ਬਾਅਦ ਵੀ ਡਾਇਨੇਕੇ ਦਾ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਸੀ। ਕੈਂਸਰ ਕਾਰਨ ਡਾਇਨੇਕੇ ਨੂੰ ਕਮਰ ਦਰਦ ਵੀ ਰਹਿਣ ਲੱਗਾ ਸੀ। ਡਾਇਨੇਕੇ ਦਾ ਕਹਿਣਾ ਸੀ ਕਿ ਉਸ ਨੇ ਸਾਲ 2011 ਵਿਚ ਇੰਟਰਨੈੱਟ 'ਤੇ ਕੈਂਸਰ ਦੇ ਇਲਾਜ ਬਾਰੇ ਦੇਖਿਆ ਸੀ ਅਤੇ ਉਸ ਮਗਰੋਂ ਹੀ ਉਸ ਨੇ ਇਸ ਇਲਾਜ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਡਾਇਨੇਕੇ ਮੁਤਾਬਕ ਉਸ ਨੇ ਰੋਜ਼ਾਨਾ 8 ਗ੍ਰਾਮ ਕਰਕਿਊਮਿਨ ਦਾ ਡੋਜ਼ ਲੈਣਾ ਸ਼ੁਰੂ ਕਰ ਦਿੱਤਾ, ਜੋ ਕਿ ਹਲਦੀ ਵਿਚ ਪਾਇਆ ਜਾਂਦਾ ਹੈ। ਇਹੀ ਕਮਪਾਊਂਡ ਹਲਦੀ ਦੇ ਪੀਲੇ ਰੰਗ ਦਾ ਕਾਰਨ ਹੈ। ਡਾਕਟਰਾਂ ਦੀ ਰਿਪੋਰਟ ਮੁਤਾਬਕ ਬੀਤੇ 5 ਸਾਲਾਂ ਤੋਂ ਡਾਇਨੇਕੇ ਦਾ ਕੈਂਸਰ ਸਥਿਰ ਹੈ ਅਤੇ ਉਸ ਦੇ ਬਲੱਡ ਸੈੱਲ ਪੂਰੀ ਤਰ੍ਹਾਂ ਠੀਕ ਹਨ। ਲੰਡਨ ਦੇ ਬਾਰਟਸ ਹੈਲਥ ਐੱਨ. ਐੱਚ. ਐੱਸ. ਟਰਸੱਟ ਦੇ ਉਨ੍ਹਾਂ ਦੇ ਡਾਕਟਰਾਂ ਨੇ ਬ੍ਰਿਟਿਸ਼ ਮੈਡੀਕਲ ਜਨਰਲ ਵਿਚ ਲਿਖੀ ਇਕ ਰਿਪੋਰਟ ਵਿਚ ਦੱਸਿਆ ਹੈ ਕਿ ਇਹ ਪਹਿਲੀ ਵਾਰੀ ਹੈ, ਜਦੋਂ ਕੈਂਸਰ ਦਾ ਇਲਾਜ ਕਰਕਿਊਮਿਨ ਨਾਲ ਸੰਭਵ ਹੋ ਪਾਇਆ ਹੈ।


Related News