ਡੈਨਮਾਰਕ ''ਚ ਪੁਲਸ ਨੇ ਬੁਰਕਾ ਪਹਿਨਣ ''ਤੇ ਤੁਰਕੀ ਦੀ ਮਹਿਲਾ ਨੂੰ ਲਾਇਆ ਜੁਰਮਾਨਾ

09/05/2018 5:39:31 PM

ਕੋਪੇਨਹੇਗਨ (ਭਾਸ਼ਾ)— ਡੈਨਮਾਰਕ ਵਿਚ ਪੁਲਸ ਨੇ ਬੁਰਕਾ ਪਹਿਨ ਕੇ ਪੁਲਸ ਸਟੇਸ਼ਨ 'ਚ ਆਉਣ ਵਾਲੀ ਤੁਰਕੀ ਦੀ ਇਕ ਮਹਿਲਾ ਸੈਲਾਨੀ 'ਤੇ 1,000 ਕ੍ਰੋਨਰ (155 ਅਮਰੀਕੀ ਡਾਲਰ) ਦਾ ਜੁਰਮਾਨਾ ਲਾਇਆ। ਮਹਿਲਾ ਆਪਣੇ ਵੀਜ਼ਾ ਨੂੰ ਰੀਨਿਊ ਕਰਵਾਉਣ ਲਈ ਪੂਰੇ ਚਿਹਰੇ ਨੂੰ ਢੱਕ ਕੇ ਆਈ ਸੀ। 

ਪੱਛਮੀ ਡੈਨਮਾਰਕ ਦੇ ਆਰਹੁਸ 'ਚ ਪੁਲਸ ਨੇ ਕਿਹਾ ਕਿ 48 ਸਾਲਾ ਮਹਿਲਾ ਨੂੰ ਡੈਨਮਾਰਕ ਵਿਚ ਹਾਲ ਹੀ 'ਚ ਲਾਗੂ ਹੋਏ ਕਾਨੂੰਨ, ਜਿਸ ਦੇ ਤਹਿਤ ਜਨਤਕ ਖੇਤਰ ਵਿਚ ਅਜਿਹਾ ਕੱਪੜਾ ਪਹਿਨਣਾ ਗੈਰ-ਕਾਨੂੰਨੀ ਹੈ, ਦੀ ਜਾਣਕਾਰੀ ਨਹੀਂ ਸੀ। ਇੱਥੇ ਦੱਸ ਦੇਈਏ ਕਿ ਡੈਨਮਾਰਕ 'ਚ ਵਿਵਾਦਪੂਰਨ 'ਬੁਰਕਾ ਪਾਬੰਦੀ' ਦੇ ਨਿਯਮ ਤਹਿਤ ਬੁਰਕਾ, ਨਕਾਬ ਸਮੇਤ ਚਿਹਰੇ ਨੂੰ ਢੱਕਣ ਵਾਲੇ ਅਜਿਹੇ ਕਿਸੇ ਵੀ ਕੱਪੜੇ ਨੂੰ ਪਹਿਨਣ 'ਤੇ ਪਾਬੰਦੀ ਲੱਗੀ ਹੋਈ ਹੈ। ਪੁਲਸ ਨੇ ਦੱਸਿਆ ਕਿ ਮਹਿਲਾ ਨੇ ਜੁਰਮਾਨਾ ਭਰਿਆ ਅਤੇ ਉਸ ਨੇ ਆਪਣੇ ਚਿਹਰੇ ਤੋਂ ਬੁਰਕਾ ਹਟਾ ਲਿਆ। 


Related News