ਸੜਕ ਹਾਦਸਿਆਂ ’ਚ ਇਕ ਮਹਿਲਾ ਸਫ਼ਾਈ ਕਰਮਚਾਰੀ ਸਮੇਤ 2 ਦੀ ਮੌਤ
Friday, May 16, 2025 - 10:49 AM (IST)

ਬਠਿੰਡਾ (ਪਰਮਿੰਦਰ) : ਬਠਿੰਡਾ-ਫਿਰੋਜ਼ਪੁਰ ਰੇਲਵੇ ਲਾਈਨ ’ਤੇ ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਇਕ ਮਹਿਲਾ ਸਫ਼ਾਈ ਕਰਮਚਾਰੀ ਦੀ ਮੌਤ ਹੋ ਗਈ, ਜਦੋਂ ਕਿ ਡੱਬਵਾਲੀ ਰੋਡ ’ਤੇ ਇਕ ਨੌਜਵਾਨ ਦੀ ਟੱਕਰ ਇਕ ਖੜ੍ਹੇ ਟਰੱਕ ਨਾਲ ਹੋ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਹਿਲਾ ਮਨਰੇਗਾ ਮਜ਼ਦੂਰ ਪਰਸ ਰਾਮ ਨਗਰ ਓਵਰਬ੍ਰਿਜ ਦੇ ਹੇਠਾਂ ਲਾਈਨਾਂ ਦੇ ਨਾਲ ਘਾਹ ਸਾਫ਼ ਕਰ ਰਹੀਆਂ ਸਨ ਕਿ ਅਚਾਨਕ ਰੇਲਗੱਡੀ ਆ ਗਈ। ਦੂਜੀਆਂ ਔਰਤਾਂ ਪਿੱਛੇ ਹਟ ਗਈਆਂ ਪਰ ਇਕ ਔਰਤ ਰੇਲਗੱਡੀ ਦੀ ਲਪੇਟ ਵਿਚ ਆ ਗਈ ਅਤੇ ਜ਼ਖਮੀ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਵਿੱਕੀ ਕੁਮਾਰ ਮੌਕੇ ’ਤੇ ਪਹੁੰਚੀ ਅਤੇ ਔਰਤ ਨੂੰ ਹਸਪਤਾਲ ਪਹੁੰਚਾਇਆ।
ਡਾਕਟਰਾਂ ਨੇ ਔਰਤ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਕਰਮਜੀਤ ਕੌਰ (50) ਪਤਨੀ ਜੋਗਿੰਦਰ ਸਿੰਘ ਵਾਸੀ ਭੁੱਚੋ ਮੰਡੀ ਵਜੋਂ ਹੋਈ ਹੈ। ਇਸੇ ਤਰ੍ਹਾਂ ਬੀਤੀ ਰਾਤ ਇਕ ਮੋਟਰਸਾਈਕਲ ਸਵਾਰ, ਕਿਰਨ ਕੁਮਾਰ (30), ਵਾਸੀ ਹੰਸ ਨਗਰ, ਡੱਬਵਾਲੀ ਰੋਡ ’ਤੇ ਜਾ ਰਿਹਾ ਸੀ ਉਹ ਓਵਰਬ੍ਰਿਜ ਦੇ ਨੇੜੇ ਸੜਕ ’ਤੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਗੁਰਦੀਪ ਸਿੰਘ ਦੀ ਸ਼ਿਕਾਇਤ ’ਤੇ ਪੁਲਸ ਨੇ ਟਰੱਕ ਡਰਾਈਵਰ ਕੀਰਤਾ ਰਾਮ ਵਾਸੀ ਬਾੜਮੇਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।