ਕੈਨੇਡਾ ਦੇ ਮਿਸੀਸਾਗਾ ਮਾਲਟਨ ਦੇ ਦੀਪਕ ਆਨੰਦ ਨਾਲ ਖਾਸ ਗੱਲਬਾਤ (ਵੀਡੀਓ)
Friday, Jun 15, 2018 - 09:08 PM (IST)
ਮਾਲਟਨ (ਨਰੇਸ਼ ਅਰੋੜਾ, ਰਮਨਦੀਪ ਸਿੰਘ ਸੋਢੀ)- ਪੰਜਾਬ ਦੇ ਪਟਿਆਲਾ ਵਿਚ ਪੈਦਾ ਹੋਏ ਦੀਪਕ ਆਨੰਦ ਓਂਟਾਰੀਓ ਚੋਣਾਂ ਵਿਚ ਮਿਸੀਸਾਗਾ ਮਾਲਟਨ ਸੀਟ ਤੋਂ ਜਿੱਤੇ ਹਨ ਅਤੇ ਮਾਲਟਨ ਸੀਟ ਉਹ ਸੀਟ ਹੈ, ਜਿਹੜੀ ਸ਼ੁਰੂਆਤ ਵਿਚ ਪੰਜਾਬੀਆਂ ਦਾ ਗੜ੍ਹ ਮੰਨੀ ਜਾਂਦੀ ਸੀ। ਮਾਲਟਨ ਤੋਂ ਐਮ.ਪੀ.ਪੀ. ਬਣੇ ਦੀਪਕ ਆਨੰਦ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਮੋਹਾਲੀ ਦੇ ਗਿਆਨ ਜੋਤੀ ਸਕੂਲ ਤੋਂ ਕੀਤੀ ਹੈ ਇਸ ਤੋਂ ਬਾਅਦ ਉਨ੍ਹਾਂ ਨੇ ਕੈਮੀਕਲ ਇੰਜਨੀਅਰਿੰਗ ਦੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 18 ਸਾਲ ਤੋਂ ਕੈਨੇਡਾ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਇਥੇ ਆ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਇਥੋਂ ਦੀ ਇਕ ਕੰਪਨੀ ਵਿਚ ਕਵਾਲਿਟੀ ਮੈਨੇਜਰ ਦੀ ਨੌਕਰੀ ਕਰਕੇ ਕੀਤੀ ਸੀ ਅਤੇ ਨਾਲ ਦੀ ਨਾਲ ਸ਼ੀਓਲਿਕ ਸਕੂਲ ਆਫ ਬਿਜ਼ਨੈੱਸ ਵਿਚ ਐੱਮ.ਬੀ.ਏ. ਦੀ ਪੜਾਈ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਸਿਆਸੀ ਨਹੀਂ ਹੈ। ਉਹ ਇਥੇ ਚੈਰਿਟੀ ਸੰਸਥਾ ਲਈ ਕੰਮ ਕਰਦੇ ਸਨ ਅਤੇ ਇਸੇ ਦੌਰਾਨ ਉਹ ਲੋਕਾਂ ਨੂੰ ਦਰਪੇਸ਼ ਆ ਰਹੀ ਮੁਸ਼ਕਲਾਂ ਨੂੰ ਮਹਿਸੂਸ ਕਰਦੇ ਸਨ। ਉਨ੍ਹਾਂ ਦੱਸਿਆ ਕਿ ਫਿਰ ਸਿਆਸਤ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਸਿਆਸਤ ਵਿਚ ਸਰਗਰਮ ਹੋ ਕੇ ਹੀ ਕੱਢਿਆ ਜਾ ਸਕਦਾ ਹੈ। ਲਿਹਾਜ਼ਾ ਸਿਆਸੀ ਵਾਲੰਟੀਅਰ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ। ਲੋਕਾਂ ਦਾ ਪਿਆਰ ਮਿਲਿਆ ਅਤੇ ਇਸੇ ਪਿਆਰ ਦੀ ਬਦੌਲਤ ਅੱਜ ਉਹ ਇਸ ਮੁਕਾਮ 'ਤੇ ਪਹੁੰਚੇ ਹਨ।
ਸਾਡੀ ਪਾਰਟੀ ਨੇ ਵੈਸੇ ਤਾਂ ਜਨਤਾ ਨਾਲ ਵਿਆਪਕ ਸੁਧਾਰ ਕਰਨ ਦਾ ਵਾਅਦਾ ਕੀਤਾ ਹੈ। ਇਸ ਵਿਚ ਰੋਜ਼ਗਾਰ ਤੋਂ ਲੈ ਕੇ ਜਨਤਾ ਦਾ ਜੀਵਨ ਸੁਖਾਲਾ ਬਣਾਉਣ ਦੇ ਸਾਰੇ ਯਤਨ ਕੀਤੇ ਜਾਣਗੇ ਪਰ ਮੇਰਾ ਨਿੱਜੀ ਬਲੂ ਪ੍ਰਿੰਟ ਆਪਣੇ ਹਲਕੇ ਦੀ ਹਰ ਆਵਾਜ਼ ਨੂੰ ਕਵੀਂਜ ਪਾਰਕ (ਓਂਟਾਰੀਓ ਵਿਧਾਨ ਸਭਾ) ਵਿਚ ਚੁੱਕ ਕੇ ਉਨ੍ਹਾਂ ਦਾ ਹੱਲ ਕੱਢਣਾ ਹੈ। ਲੋਕਾਂ ਨੇ ਸਮਰਥਨ ਦੇ ਕੇ ਉਨ੍ਹਾਂ ਦੀ ਆਵਾਜ਼ ਬੁਲੰਦ ਕਰਨ ਦਾ ਮੌਕਾ ਦਿੱਤਾ ਅਤੇ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੀ ਜ਼ਿੰਮੇਵਾਰੀ ਨੂੰ ਨੇਪਰੇ ਚਾੜ੍ਹਣਗੇ ਤਾਂ ਜੋ ਉਹ ਲੋਕਾਂ ਦੀਆਂ ਉਮੀਦਾਂ ਉੱਤੇ ਖਰੇ ਉਤਰ ਸਕਣ।