ਖਤਰਨਾਕ ਅੱਤਵਾਦੀਆਂ ਨੇ ਵੀ ਕੋਰੋਨਾ ਅੱਗੇ ਟੇਕੇ ਗੋਢੇ, ਵੰਡ ਰਹੇ ਨੇ ਲੋਕਾਂ ਨੂੰ ਮਾਸਕ

04/08/2020 12:25:45 AM

ਕਾਬੁਲ (ਏਜੰਸੀ)- ਦੁਨੀਆ 'ਤੇ ਮਹਾਮਾਰੀ ਬਣ ਕੇ ਟੁੱਟੇ ਕੋਰੋਨਾ ਵਾਇਰਸ ਨੇ ਅੱਤਵਾਦੀਆਂ ਵਿਚਾਲੇ ਵੀ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਅਫਗਾਨਿਸਤਾਨ ਵਿਚ ਅੱਤਵਾਦੀ ਸੰਗਠਨ ਤਾਲਿਬਾਨ ਵੀ ਕੋਰੋਨਾ ਤੋਂ ਸੁਚੇਤ ਹੋ ਗਏ ਹਨ ਅਤੇ ਆਪਣੇ ਪ੍ਰਭਾਵ ਵਾਲੇ ਇਲਾਕਿਆਂ ਵਿਚ ਉਸ ਨੇ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਲੋਕਾਂ ਨੂੰ ਮਾਸਕ ਵੰਡੇ ਜਾ ਰਹੇ ਹਨ। ਹੱਥ ਧੋਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਨਮਾਜ਼ ਘਰਾਂ ਵਿਚ ਪੜ੍ਹਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ।

ਹੱਥਾਂ 'ਚ ਹਥਿਆਰ, ਮੂੰਹ 'ਤੇ ਮਾਸਕ ਤੇ ਸਰੀਰ 'ਤੇ ਵਿਸ਼ੇਸ਼ ਕੱਪੜੇ 
ਡਾਨ ਦੀ ਰਿਪੋਰਟ ਮੁਤਾਬਕ, ਅਫਗਾਨਿਸਤਾਨ ਦੇ ਜੋਜਾਨ ਸੂਬੇ ਦੇ ਇਕ ਪਿੰਡ ਨਾਲ ਸਬੰਧਤ 55 ਸਾਲਾ ਖੈਰੁੱਲਾ ਨੂੰ 27 ਮਾਰਚ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਹੋਣ ਵਾਲੇ ਆਯੋਜਨ ਲਈ ਬੁਲਾਇਆ ਗਿਆ ਅਤੇ ਖੈਰੁੱਲਾ ਨੇ ਉਥੇ ਜੋ ਦੇਖਿਆ, ਉਸ ਦੀ ਉਸ ਨੂੰ ਉਮੀਦ ਨਹੀਂ ਸੀ। ਖੈਰੁੱਲਾ ਨੇ ਕਿਹਾ ਕਿ ਉਥੇ ਕੋਰੋਨਾ ਤੋਂ ਬਚਾਅ ਲਈ ਪਹਿਨੇ ਜਾਣ ਵਾਲੇ ਵਿਸ਼ੇਸ਼ ਕੱਪੜੇ ਪਹਿਨੇ ਤਾਲਿਬਾਨੀ ਮੌਜੂਦ ਸਨ। ਉਨ੍ਹਾਂ ਦੇ ਹੱਥਾਂ ਵਿਚ ਕਲਾਸ਼ਿਨੀਕੋਵ ਰਾਈਫਲਾਂ ਸਨ। ਤਾਲਿਬਾਨ ਨੇ ਉਥੇ ਪਹੁੰਚੇ ਸਾਰੇ ਲੋਕਾਂ ਦਾ ਕੋਰੋਨਾ ਜਾਗਰੂਕਤਾ ਵਰਕਸ਼ਾਪ ਵਿਚ ਸਵਾਗਤ ਕੀਤਾ।

PunjabKesari

ਤਾਲਿਬਾਨ ਨੇ ਭਾਵੇਂ ਹੀ ਵਿਦੇਸ਼ੀ ਫੌਜਾਂ ਦੀ ਨੱਕ ਵਿਚ ਦਮ ਕੀਤਾ ਹੋਇਆ ਸੀ ਪਰ ਉਸ ਨੇ ਕੋਰੋਨਾ ਸਾਹਮਣੇ ਗੋਢੇ ਟੇਕ ਦਿੱਤੇ ਹਨ। ਖੈਰੁੱਲਾ ਨੇ ਦੱਸਿਆ ਕਿ ਤਾਲਿਬਾਨ ਇਕ ਹਫਤੇ ਤੋਂ ਜਾਗਰੂਕਤਾ ਮੁਹਿੰਮ ਚਲਾ ਰਿਹਾ ਹੈ। ਉਹ ਲੋਕਾਂ ਵਿਚਾਲੇ ਮਾਸਕ ਵੰਡ ਰਹੇ ਹਨ ਅਤੇ ਸਾਬਣ ਨਾਲ ਵਾਰ-ਵਾਰ ਹੱਥ ਧੋਣ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਨੇ ਵਿਆਹ ਤੋਂ ਇਲਾਵਾ ਸਾਰੇ ਸਮਾਰੋਹਾਂ 'ਤੇ ਰੋਕ ਲਗਾ ਦਿੱਤੀ ਹੈ ਅਤੇ ਉਹ ਲੋਕਾਂ ਨੂੰ ਮਸਜਿਦਾਂ ਵਿਚ ਆਉਣ ਦੀ ਬਜਾਏ ਅਜੇ ਘਰਾਂ ਵਿਚ ਹੀ ਨਮਾਜ਼ ਪੜਣ ਨੂੰ ਕਹਿ ਰਹੇ ਹਨ।

ਅਫਗਾਨਿਸਤਾਨ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਤਾਲਿਬਾਨ ਦੀ ਮੁਹਿੰਮ ਦੀਆਂ ਤਸਵੀਰਾਂ ਦੇਖੀਆਂ ਹਨ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਨਾਲ ਮਤਭੇਦ ਆਪਣੀ ਜਗ੍ਹਾ ਹਨ ਪਰ ਸਿਹਤ ਮੰਤਰਾਲਾ ਕੋਰੋਨਾ ਖਿਲਾਫ ਕਿਸੇ ਵੀ ਮੁਹਿੰਮ ਦਾ ਸਵਾਗਤ ਕਰਦਾ ਹੈ।


Sunny Mehra

Content Editor

Related News