ਕੋਰੋਨਾ ਨੇ ਕੀਤਾ ਬੇਵੱਸ, ''ਪਿਤਾ ਦਿਹਾੜੇ'' ਪਿਤਾ ਨੂੰ ਗਲ ਲਾਉਣ ਲਈ ਤਰਸੀਆਂ ਬਾਹਾਂ
Monday, Jun 22, 2020 - 12:11 PM (IST)
ਸ਼ਿਕਾਗੋ- ਸਾਰੀ ਦੁਨੀਆ ਨੇ ਫਾਦਰਜ਼ ਡੇਅ ਭਾਵ ਪਿਤਾ ਦਿਹਾੜਾ ਮਨਾਇਆ ਤੇ ਆਪਣੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਪਰ ਕੋਰੋਨਾ ਵਾਇਰਸ ਕਾਰਨ ਬਹੁਤੇ ਪਰਿਵਾਰ ਆਪਣੇ ਦੂਰ ਰਹਿੰਦੇ ਬਜ਼ੁਰਗਾਂ ਨੂੰ ਨਾ ਮਿਲ ਸਕੇ। ਅਮਰੀਕਾ ਦੇ ਨਰਸਿੰਗ ਹੋਮਜ਼ ਵਿਚ ਰਹਿੰਦੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਬੱਚੇ ਮਿਲਣ ਤਾਂ ਜ਼ਰੂਰ ਆਏ ਪਰ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਉਹ ਸ਼ੀਸ਼ੇ ਦੇ ਦਰਵਾਜ਼ੇ ਤੋਂ ਹੀ ਇਕ-ਦੂਜੇ ਨੂੰ ਦੇਖ ਸਕੇ। ਇਸ ਲਈ ਉਨ੍ਹਾਂ ਦੂਰ ਤੋਂ ਹੀ ਪਿਤਾ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਆਪਣੇ ਪਿਤਾ ਨੂੰ ਗਲਵਕੜੀ ਪਾਉਣ ਦੀ ਰੀਝ ਕਈਆਂ ਦੀ ਅਧੂਰੀ ਹੀ ਰਹਿ ਗਈ। ਹਾਲਾਂਕਿ ਕਈ ਪਲਾਸਟਿਕ ਦੇ ਲਿਫਾਫੇ ਪਾ ਕੇ ਆਪਣਿਆਂ ਨੂੰ ਗਲ ਲਗਾ ਸਕੇ।
ਉੱਥੇ ਹੀ ਬਹੁਤੇ ਲੋਕਾਂ ਨੇ ਤਾਂ ਵੀਡੀਓ ਕਾਲ ਰਾਹੀਂ ਹੀ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ। ਮੈਰੀਲੈਂਡ ਅਤੇ ਇਲੀਨੋਇਸ ਸੂਬਿਆਂ ਵਿਚ ਨਰਸਿੰਗ ਹੋਮ ਵਲੋਂ ਮਾਸਕ ਪਾ ਕੇ 6 ਫੁੱਟ ਦੀ ਦੂਰੀ ਤੋਂ ਹੀ ਪਰਿਵਾਰ ਵਾਲਿਆਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ।
ਫਰੈਂਕ ਵੋਲਫ, ਉਨ੍ਹਾਂ ਦੀ ਪਤਨੀ ਅਤੇ ਪੁੱਤ ਨੇ 91 ਸਾਲਾ ਪਿਤਾ ਨੂੰ ਮਿਲਣ ਦੀ ਇੱਛਾ ਤਾਂ ਪੂਰੀ ਕੀਤੀ ਪਰ ਬਹੁਤ ਪਾਬੰਦੀਆਂ ਵਿਚ ਉਹ ਆਪਣੇ ਪਿਤਾ ਨੂੰ ਮਿਲ ਸਕੇ। ਉਨ੍ਹਾਂ ਦੱਸਿਆ ਕਿ ਇਸ ਵਾਰ ਉਨ੍ਹਾਂ ਦੀ ਮਿਲਣੀ ਵੱਖਰੀ ਸੀ। ਉਨ੍ਹਾਂ ਪਿਤਾ ਨੂੰ ਗਲੇ ਤਾਂ ਲਗਾਇਆ ਪਰ ਸ਼ੀਸ਼ੇ ਦੇ ਦਰਵਾਜ਼ੇ ਵਿਚੋਂ, ਜੋ ਅਧੂਰੀ ਮੁਲਾਕਾਤ ਵਰਗਾ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ 1 ਲੱਖ 20 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਮੌਤਾਂ ਨਰਸਿੰਗ ਹੋਮਜ਼ ਵਿਚ ਹੋਈਆਂ ਹਨ। ਇਸੇ ਲਈ ਇੱਥੇ ਵਧੇਰੇ ਧਿਆਨ ਰੱਖਿਆ ਜਾ ਰਿਹਾ ਹੈ।