ਬੱਚੇ ਨੂੰ ਕਾਰ ''ਚ ਬੰਦ ਕਰਨ ਵਾਲੇ ਪਿਤਾ ਨੇ ਜੱਜ ਅੱਗੇ ਕੱਢੇ ਤਰਲੇ, ਕਿਹਾ-ਮੈਨੂੰ ਮੁਆਫ ਕਰ ਦਿਓ

09/27/2017 12:35:51 PM


ਸਿਡਨੀ, (ਬਿਊਰੋ)— ਅਕਸਰ ਮਾਪਿਆਂ ਵਲੋਂ ਆਪਣੇ ਬੱਚਿਆਂ ਦੀ ਦੇਖਭਾਲ ਨੂੰ ਲੈ ਕੇ ਅਣਗਿਹਲੀ ਵਰਤੀ ਜਾਂਦੀ ਹੈ। ਕੁਝ ਇਸ ਤਰ੍ਹਾਂ ਦਾ ਵਾਕਿਆ ਸਾਹਮਣੇ ਆਇਆ ਹੈ, ਆਸਟ੍ਰੇਲੀਆ ਦੇ ਸਿਡਨੀ 'ਚ ਜਿੱਥੇ ਇਕ ਪਿਤਾ ਆਪਣੇ 3 ਸਾਲ ਦੇ ਬੱਚੇ ਨੂੰ ਕਾਰ 'ਚ ਬੰਦ ਕਰ ਕੇ ਖੁਦ ਪੱਬ ਚਲਾ ਗਿਆ। ਇਹ ਘਟਨਾ ਬੀਤੇ ਸ਼ਨੀਵਾਦ ਦੀ ਹੈ। ਬੱਚਾ ਤਕਰੀਬਨ ਅੱਧਾ ਘੰਟਾ ਕਾਰ 'ਚ ਬੰਦ ਰਿਹਾ। ਸੜਕ ਕੰਢੇ ਖੜ੍ਹੀ ਜਿਸ ਕਾਰ 'ਚ ਬੱਚਾ ਬੰਦ ਸੀ, ਉਸ ਸਮੇਂ ਤਾਪਮਾਨ ਤਕਰੀਬਨ 35 ਡਿਗਰੀ ਸੈਲਸੀਅਸ ਸੀ। ਕਾਰ 'ਚ ਬੰਦ ਬੱਚਾ ਰੋਂਦਾ ਰਿਹਾ ਅਤੇ ਉਸ ਦੀ ਜਾਨ ਇਕ ਨਾਈਂ ਨੇ ਬਚਾਈ। ਦੁਕਾਨ ਦੇ ਨੇੜੇ ਖੜ੍ਹੀ ਕਾਰ 'ਚੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਅਤੇ ਉਸ ਨੇ ਤੁਰੰਤ ਟ੍ਰਿਪਲ ਜ਼ੀਰੋ 'ਤੇ ਫੋਨ ਕਰ ਕੇ ਇਸ ਗੱਲ ਦੀ ਸੂਚਨਾ ਦਿੱਤੀ। 
ਮੌਕੇ 'ਤੇ ਪੁੱਜੀ ਬੈਂਕਸਟਾਊਨ ਪੁਲਸ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਬੱਚੇ ਨੂੰ ਬਾਹਰ ਕੱਢਿਆ। ਪੁਲਸ ਅਧਿਕਾਰੀਆਂ ਨੇ ਬੱਚੇ ਦੇ ਪਿਤਾ ਨੂੰ ਪੱਬ 'ਚੋਂ ਲੱਭਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਓਧਰ ਬੱਚਾ ਕਾਰ ਬੰਦ ਹੋਣ ਕਾਰਨ ਪੂਰੀ ਤਰ੍ਹਾਂ ਨਾਲ ਪਸੀਨੇ ਨਾਲ ਭਿੱਜਿਆ ਹੋਇਆ ਸੀ। ਮੌਕੇ 'ਤੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਉਸ ਨੂੰ ਦੇਖਿਆ ਅਤੇ ਉਸ ਨੂੰ ਖੁੱਲ੍ਹੀ ਥਾਂ 'ਤੇ ਬਿਠਾਇਆ। ਬੱਚਾ ਠੀਕ ਹੈ ਪਰ ਅਣਗਿਹਲੀ ਕਾਰਨ ਪਿਤਾ ਨੂੰ ਬੈਂਕਸਟਾਊਨ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੇ ਜੱਜ ਅੱਗੇ ਮੁਆਫ਼ੀ ਮੰਗੀ। ਉਸ ਨੇ ਕਿਹਾ ਕਿ ਮੈਨੂੰ ਮੁਆਫ਼ ਕਰ ਦਿੱਤਾ ਜਾਵੇ, ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ। ਕੋਰਟ ਵਲੋਂ ਉਸ ਨੂੰ ਜ਼ਮਾਨਤ ਤਾਂ ਦੇ ਦਿੱਤੀ ਗਈ ਪਰ ਉਸ ਨੂੰ ਅਗਲੇ ਮਹੀਨੇ ਫਿਰ ਕੋਰਟ 'ਚ ਪੇਸ਼ ਹੋਣਾ ਪਿਆ। ਪਿਤਾ 'ਤੇ ਬੱਚੇ ਦੀ ਦੇਖਭਾਲ 'ਚ ਅਣਗਿਹਲੀ ਵਰਤਣ ਦੇ ਦੋਸ਼ ਲਾਏ ਹਨ।


Related News