ਕਿਊਬਾ: ਕਰਮਚਾਰੀਆਂ ਨੇ ਇਕ ਹੀ ਗਾਹਕ ਨੂੰ ਵੇਚ ਦਿੱਤੇ 15,000 ਸੇਬ, ਮਿਲੀ ਸਜ਼ਾ
Sunday, Sep 16, 2018 - 03:20 PM (IST)

ਹਵਾਨਾ(ਏਜੰਸੀ)— ਕਿਊਬਾ ਦੀ ਇਕ ਸੁਪਰਮਾਰਕਿਟ ਨੇ ਇਕ ਹੀ ਗਾਹਕ ਨੂੰ 15 ਹਜ਼ਾਰ ਸੇਬ ਵੇਚਣ ਦੀ ਸਜ਼ਾ ਦੇ ਤੌਰ 'ਤੇ 8 ਕਰਮਚਾਰੀਆਂ ਨੂੰ ਨੌਕਰੀ 'ਚੋਂ ਕੱਢ ਦਿੱਤਾ। ਕਰਮਚਾਰੀਆਂ ਨੇ ਇੰਨੇ ਸੇਬ ਤਦ ਵੇਚੇ ਜਦ ਦੇਸ਼ 'ਚ ਫਲਾਂ ਦੀ ਕਮੀ ਹੈ। ਕੱਢੇ ਗਏ 8 ਕਰਮਚਾਰੀ ਸਿਮੇਕਸ ਕਾਰਪੋਰੇਸ਼ਨ ਦੇ ਸਟੋਰ 'ਚ ਕੰਮ ਕਰਦੇ ਸਨ।
ਇਨ੍ਹਾਂ ਦਾ ਖੁਲਾਸਾ ਤਦ ਹੋਇਆ ਜਦ ਇਕ ਪੱਤਰਕਾਰ ਨੇ ਹਵਾਨਾ ਦੇ ਸੁਪਰਮਾਰਕਟ 'ਚ ਫਲਾਂ ਨੂੰ ਵੇਚਦੇ ਦੇਖਿਆ ਸੀ ਅਤੇ ਉਸ ਨੇ ਇਹ ਸਭ ਆਪਣੇ ਬਲਾਗ 'ਚ ਲਿਖ ਦਿੱਤਾ। ਇਸ ਖਬਰ ਦੇ ਫੈਲਦਿਆਂ ਹੀ ਜ਼ਿੰਮੇਵਾਰ ਕਰਮਚਾਰੀਆਂ ਨੂੰ ਸੁਪਰਮਾਰਕਿਟ ਨੇ ਬਾਹਰ ਕਰ ਦਿੱਤਾ। ਪੱਤਰਕਾਰ ਨੇ ਲਿਖਿਆ ਕਿ ਸਿਰਫ ਇਕ ਗਾਹਕ ਨੂੰ 100-100 ਸੇਬਾਂ ਨਾਲ ਭਰੀਆਂ 150 ਪੇਟੀਆਂ ਵੇਚ ਦਿੱਤੀਆਂ ਗਈਆਂ। ਗਾਹਕ ਨੇ ਪ੍ਰਤੀ ਸੇਬ ਲਈ 45 ਸੈਂਟ ਚੁਕਾਏ। ਕਿਊਬਾ 'ਚ ਕਈ ਵਾਰ ਫਲਾਂ, ਮੱਖਣ, ਦੁੱਧ ਅਤੇ ਬੀਅਰ ਦੀ ਕਮੀ ਆ ਚੁੱਕੀ ਹੈ। ਵਪਾਰੀ ਭਾਰੀ ਸਟਾਕ ਜਮ੍ਹਾਂ ਕਰ ਲੈਂਦੇ ਹਨ ਅਤੇ ਫਲਾਂ ਦੀ ਕਮੀ ਦੌਰਾਨ ਇਨ੍ਹਾਂ ਨੂੰ ਉੱਚ ਕੀਮਤਾਂ 'ਤੇ ਵੇਚ ਦਿੰਦੇ ਹਨ।