ਸ਼ੀ ਜਿਨਪਿੰਗ ਦੇ ਤਿੱਬਤ ਬਾਰੇ ਪ੍ਰਸਤਾਵਿਤ ਨੀਤੀ ਨਿਰਦੇਸ਼ ਗਲਤ : CTA ਪ੍ਰਧਾਨ
Tuesday, Sep 01, 2020 - 06:04 PM (IST)

ਬੀਜਿੰਗ (ਬਿਊਰੋ): ਸੀ.ਟੀ.ਏ. ਦੇ ਪ੍ਰਧਾਨ ਡਾਕਟਰ ਲੋਬਸਾਂਗ ਸੰਗੇ ਨੇ ਅੱਜ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਤਿੱਬਤ ਬਾਰੇ ਪ੍ਰਸਤਾਵਿਤ ਨੀਤੀਗਤ ਨਿਰਦੇਸ਼ਾਂ ਦਾ ਖੰਡਨ ਕੀਤਾ ਅਤੇ ਇਸ ਨੂੰ ਨਕਾਰਦਿਆਂ ਇਹਨਾਂ ਨੂੰ 'ਗੁੰਮਰਾਹਕੁੰਨ' ਅਤੇ 'ਅਵਾਸਤਵਿਕ' ਕਿਹਾ। ਸ਼ੀ ਜਿਨਪਿੰਗ ਨੇ ਸ਼ਨੀਵਾਰ 29 ਅਗਸਤ ਨੂੰ ਬੀਜਿੰਗ ਵਿਚ ਤਿੱਬਤ ਵਰਕਸ ਦੇ 7ਵੇਂ ਕੇਂਦਰੀ ਸੰਮੇਲਨ ਵਿਚ, ਤਿੱਬਤ ਬਾਰੇ ਚਾਰ ਅਹਿਮ ਨੀਤੀਗਤ ਦਿਸ਼ਾ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਵਿਚ ‘ਵੱਖਵਾਦ’ ਦਾ ਮੁਕਾਬਲਾ ਕਰਨਾ ਅਤੇ ਤਿੱਬਤੀ ਬੁੱਧ ਧਰਮ ਦਾ ਪ੍ਰਚਾਰ ਕਰਨਾ ਸ਼ਾਮਲ ਹੈ।
ਅਸਲ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਇਹਨੀਂ ਦਿਨੀਂ ਤਿੱਬਤ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਤਿਬੱਤੀਆਂ ਦਾ ਮਨ ਬਦਲਣ ਵਿਚ ਅਸਫਲ ਰਹੇ ਚੀਨ ਨੂੰ ਇਕ ਪਾਸੇ ਵੱਖਵਾਦ ਦੀ ਚਿੰਤਾ ਹੈ ਤਾਂ ਦੂਜੇ ਪਾਸੇ ਭਾਰਤ ਦੇ ਨਾਲ ਲੱਗਦੀ ਸਰਹੱਦ 'ਤੇ ਮੂੰਹ ਦੀ ਖਾਣ ਦੇ ਬਾਅਦ ਸੁਰੱਖਿਆ ਸਬੰਧੀ ਨੀਂਦ ਵੀ ਉੱਡ ਗਈ ਹੈ। ਤਿੱਬਤ ਨੂੰ ਲੈਕੇ ਪੰਜ ਸਾਲ ਬਾਅਦ ਹੋਈ ਵੱਡੀ ਬੈਠਕ ਵਿਚ ਸ਼ੀ ਜਿਨਪਿੰਗ ਦੇ ਮੂੰਹ ਵਿਚੋਂ ਨਿਕਲੇ ਇਕ-ਇਕ ਸ਼ਬਦ ਵਿਚ ਚਿੰਤਾ ਅਤੇ ਬੈਚੇਨੀ ਦਿੱਸੀ। ਜੂਨ ਵਿਚ ਭਾਰਤ ਦੇ ਨਾਲ ਪੂਰਬੀ ਲੱਦਾਖ ਵਿਚ ਖੂਨੀ ਸੰਘਰਸ਼ ਦੇ ਬਾਅਦ ਹੋਈ ਤਿੱਬਤ ਪਾਲਿਸੀ ਬੌਡੀ ਦੀ ਹਾਈ ਪੱਧਰੀ ਮੀਟਿੰਗ ਵਿਚ ਜਿਨਪਿੰਗ ਨੇ ਭਾਰਤ ਦੇ ਨਾਲ ਲੱਗਦੀ ਸਰਹੱਦ ਦੀ ਸੁਰੱਖਿਆ ਯਕੀਨੀ ਕਰਨ 'ਤੇ ਜ਼ੋਰ ਦਿੱਤਾ। ਜਿਨਪਿੰਗ ਨੇ ਕਿਹਾ ਕਿ ਸਰਹੱਦ ਦੀ ਸੁਰੱਖਿਆ ਸਰਵ ਉੱਚ ਤਰਜੀਹ ਵਿਚ ਹੋਣੀ ਚਾਹੀਦੀ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੇ ਮੁਤਾਬਕ, ਜਿਨਪਿੰਗ ਨੇ ਪਾਰਟੀ, ਸਰਕਾਰ ਅਤੇ ਮਿਲਟਰੀ ਲੀਡਰਸ਼ਿਪ ਨੂੰ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਸੁਰੱਖਿਆ ਯਕੀਨੀ ਕਰਨ ਲਈ ਕਿਹਾ। ਨਾਲ ਹੀ ਭਾਰਤ ਦੇ ਨਾਲ ਲੱਗਦੀ ਸਰਹੱਦ ਵਾਲੇ ਖੇਤਰ ਵਿਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਯਕੀਨੀ ਕਰਨ ਦਾ ਆਦੇਸ਼ ਦਿੱਤਾ।
ਭਾਰਤ-ਚੀਨ ਦੇ ਵਿਚ ਸਰਹੱਦ ਦਾ ਜ਼ਿਆਦਾਤਰ ਹਿੱਸਾ ਤਿੱਬਤ ਨਾਲ ਹੀ ਜੁੜਿਆ ਹੋਇਆ ਹੈ। ਜਿਸ 'ਤੇ 1950 ਵਿਚ ਚੀਨ ਨੇ ਕਬਜ਼ਾ ਕਰ ਲਿਆ ਸੀ। ਇਸੇ ਸਰਹੱਦ 'ਤੇ ਪੂਰਬੀ ਲੱਦਾਖ ਵਿਚ ਜੂਨ ਵਿਚ ਦੋਹਾਂ ਦੇਸ਼ਾਂ ਦੇ ਫੌਜੀਆਂ ਦੇ ਵਿਚ ਹਿੰਸਕ ਝੜਪਾਂ ਹੋਈਆਂ। ਇਸ ਦੇ ਬਾਅਦ ਤੋਂ ਹੀ ਦੋਹਾਂ ਦੇਸ਼ਾਂ ਵਿਚ ਕੂਟਨੀਤਕ ਤੇ ਮਿਲਟਰੀ ਪੱਧਰ 'ਤੇ ਕਈ ਕਈ ਦੌਰ ਦੀ ਗੱਲਬਾਤ ਹੋਈ ਹੈ ਪਰ ਹੱਲ ਨਹੀਂ ਨਿਕਲ ਸਕਿਆ ਹੈ। ਜਿਨਪਿੰਗ ਤਿੱਬਤ 'ਤੇ ਆਯੋਜਿਤ 7ਵੇਂ ਕੇਂਦਰੀ ਸੰਮੇਲਨ ਵਿਚ ਬੋਲ ਰਹੇ ਸਨ। ਜੋ ਸ਼ਨੀਵਾਰ ਨੂੰ ਬੀਜਿੰਗ ਵਿਚ ਸੰਪੰਨ ਹੋਇਆ ਸੀ। ਇਹ ਤਿੱਬਤ ਪਾਲਿਸੀ 'ਤੇ ਦੇਸ਼ ਦਾ ਸਭ ਤੋਂ ਮਹੱਤਵਪੂਰਨ ਮੰਚ ਹੈ। ਜਿਸ 'ਤੇ 2015 ਦੇ ਬਾਅਦ ਪਹਿਲੀ ਵਾਰ ਚਰਚਾ ਹੋਈ ਹੈ। ਸ਼ਿਨਹੂਆ ਵੱਲੋਂ ਬਾਅਦ ਵਿਚ ਜਾਰੀ ਰਿਪੋਰਟ ਵਿਚ ਸਰਹੱਦੀ ਸੁਰੱਖਿਆ 'ਤੇ ਜਿਨਪਿੰਗ ਦੇ ਬਿਆਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ।
ਜਿਨਪਿੰਗ ਨੇ ਚੀਨ ਦੇ ਲੋਕਾਂ ਨੂੰ ਜਾਗਰੂਕ ਕਰਨ ਦਾ ਆਦੇਸ਼ ਦਿੰਦੇ ਹੋਏ ਕਿਹਾ ਕਿ ਖੇਤਰ ਵਿਚ ਸਥਿਰਤਾ ਬਣਾਈ ਰੱਖਣ ਦੇ ਲਈ ਵੱਖਵਾਦ ਦੇ ਖਿਲਾਫ਼ ਮਜ਼ਬੂਤ ਕਿਲੇ ਦਾ ਨਿਰਮਾਣ ਕਰੋ। ਨਾਲ ਹੀ ਤਿੱਬਤੀ ਬੌਧ ਧਰਮ ਦਾ ਸਿਨੀਕਰਨ ਕਰਨ ਦੀ ਅਪੀਲ ਕੀਤੀ ਗਈ ਹੈ। ਸਿਨੀਕਰਨ ਦਾ ਮਤਲਬ ਹੈ ਕਿ ਗੈਰ ਚੀਨੀ ਭਾਈਚਾਰਿਆਂ ਨੂੰ ਚੀਨੀ ਸੱਭਿਆਚਾਰ ਦੇ ਅਧੀਨ ਲਿਆਉਣਾ ਅਤੇ ਇਸ ਦੇ ਬਾਅਦ ਸਮਾਜਵਾਦ ਦੇ ਸੰਕਲਪ ਦੇ ਨਾਲ ਚੀਨੀ ਕਮਿਊਨਿਸਟ ਪਾਰਟੀ ਦੀ ਰਾਜਨੀਤਕ ਵਿਵਸਥਾ ਉਸ 'ਤੇ ਲਾਗੂ ਕਰਨਾ। ਚੀਨ ਸਾਲਾਂ ਤੋਂ ਇੱਥੇ ਭਾਰਤ ਵਿਚ ਦੇਸ਼ ਨਿਕਾਲਾ ਦਿੱਤੇ ਬੌਧ ਧਾਰਮਿਕ ਗੁਰੂ ਦਲਾਈ ਲਾਮਾ ਦੇ ਪ੍ਰਭਾਵ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵਿਚ ਅਮਰੀਕਾ ਨੇ ਵੀ ਤਿੱਬਤ ਦੇ ਮੁੱਦੇ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਹੈ।